ਤਰਨ ਤਾਰਨ, 19 ਜੂਨ (ਇਕਬਾਲ ਸਿੰਘ ਸੋਢੀ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਚੱਲ ਰਹੇ ਟੀਕਾਕਰਨ ਪ੍ਰੋਗਰਾਮ ਸਬੰਧੀ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਵਿਚ ਵੱਖ-ਵੱਖ ਬਲਾਕਾਂ ਤੋਂ ਬਲਾਕ ਐਕਸਟੈਂਸ਼ਨ ਐਜੂਕੇਟਰਜ, ਮਲਟੀਪਰਪਜ ਹੈਲਥ ਸੁਪਰਵਾਈਜ਼ਰ (ਫੀਮੇਲ) ਅਤੇ ਬੀ. ਐੱਸ. ਏਜ ਵਲੋਂ ਹਿੱਸਾ ਲਿਆ ਗਿਆ | ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦੇ ਡਾ.ਇਸ਼ਿਤਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵਲੋਂ ਵਿਸ਼ੇਸ਼ ਤੌਰ 'ਤੇ ਜ਼ਿਲ੍ਹੇ ਵਿਚ ਲੱਗਣ ਵਾਲੇ ਮੀਜ਼ਲਜ ਰੂਬੈਲਾ (ਐੱਮ. ਆਰ.) ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦੀ ਸਮੀਖਿਆ ਬੜੀ ਹੀ ਬਾਰੀਕੀ ਨਾਲ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲੇ੍ਹ ਵਿਚ ਐੱਮ. ਆਰ. ਟੀਕੇ ਦੀ ਔਸਤ ਨੂੰ ਸੁਧਾਰਨ ਦੇ ਲਈ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਐੱਮ. ਆਰ. ਟੀਕਾਕਰਨ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਵਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ, ਕਿ ਉਨ੍ਹਾਂ ਦੇ ਬਲਾਕਾਂ ਵਿਚ ਆਉਣ ਵਾਲੇ ਦਿਨਾਂ ਦੌਰਾਨ ਵਿਸ਼ੇਸ਼ ਐੱਮ. ਆਰ. ਟੀਕਾਕਰਨ ਕੈਂਪ ਨਿਰੰਤਰ ਲੱਗਦੇ ਰਹਿਣਗੇ ਅਤੇ ਜਿਹੜੇ ਵੀ ਬੱਚੇ ਇਨ੍ਹਾਂ ਟੀਕਿਆਂ ਤੋਂ ਵਾਂਝੇ ਹਨ, ਉਨ੍ਹਾਂ ਨੂੰ ਤੁਰੰਤ ਇਹ ਟੀਕੇ ਲਗਾਏ ਜਾਣ | ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਵਰਿੰਦਰਪਾਲ ਕੌਰ ਨੇ ਕਿਹਾ ਕਿ ਐੱਮ. ਆਰ. ਟੀਕਾਕਰਨ ਸਬੰਧੀ ਲੱਗਣ ਵਾਲੇ ਕੈਂਪਾਂ ਦਾ ਨਿਰੀਖਣ ਉਨ੍ਹਾਂ ਵਲੋਂ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਡਕੁਆਟਰ ਵਲੋਂ ਯੋਗ ਬੱਚਿਆਂ ਦੀ ਸੂਚੀ ਨੂੰ ਵੱਖ-ਵੱਖ ਬਲਾਕਾਂ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਅਤੇ ਸਿਹਤ ਕਰਮੀਆਂ ਨੂੰ ਹਦਾਇਤ ਕੀਤੀ ਗਈ ਹੈ, ਕਿ ਉਹ ਸੂਚੀ ਮੁਤਾਬਿਕ ਤੁਰੰਤ ਬੱਚਿਆਂ ਦਾ ਐੱਮ. ਆਰ. ਟੀਕਾਕਰਨ ਨੂੰ ਯਕੀਨੀ ਬਣਾਓਣ | ਵਿਸ਼ਵ ਸਿਹਤ ਸੰਸਥਾ ਦੇ ਡਾ.ਇਸ਼ਿਤਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵਿਚ ਲੱਗਣ ਵਾਲੇ ਟੀਕਿਆਂ ਦੀ ਔਸਤ ਨੂੰ ਸਿਹਤ ਕਰਮੀਆਂ ਨਾਲ ਸਾਂਝਾ ਕੀਤਾ | ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਰਾਘਵ ਗੁਪਤਾ, ਡਾ. ਅਵਲੀਨ ਕੌਰ ਅਤੇ ਵੀ. ਸੀ. ਸੀ. ਐੱਮ. ਮਨਦੀਪ ਸਿੰਘ ਆਦਿ ਮੌਜੂਦ ਰਹੇ |