ਝਬਾਲ, 20 ਜੂਨ (ਸੁਖਦੇਵ ਸਿੰਘ)-ਪਿੰਡ ਜਗਤਪੁਰ ਨੇੜਿਉਂ ਲੰਘਦੀ ਅੱਪਰਬਾਰੀ ਦੁਆਬ ਨਹਿਰ ਤੇ ਬਣੇ ਪੁਲ ਵਿਚਕਾਰ ਪਏ ਡੂੰਘੇ ਖੱਡੇ ਰਾਹਗੀਰਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ | ਰਾਹਗੀਰਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਸ ਪੁਲ ਨੂੰ ਪਾਰ ਕਰਨਾ ਪੈਂਦਾ ਹੈ | ਖ਼ਸਤਾ ਹਾਲ ਪੁਲ ਦੇ ਵਿਚਕਾਰ ਪਏ ਖੱਡਿਆਂ ਕਾਰਨ ਇੱਥੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਮੰਡੀਕਰਨ ਬੋਰਡ ਵਲੋਂ ਪਿੰਡ ਮੀਆਂਪੁਰ ਵਾਲਾ ਪੁਲ ਤੋੜਣ ਕਰਕੇ ਲੋਕਾਂ ਨੂੰ ਇਸ ਪੁਲ ਰਾਹੀਂ ਹੀ ਆਪੋ ਆਪਣੀ ਮੰਜਿਲ 'ਤੇ ਪਹੁੰਚਣਾ ਪੈਂਦਾ ਹੈ | ਪੁਲ ਦੀ ਹਾਲਤ ਏਨੀ ਤਰਸਯੋਗ ਹੈ ਕਿ ਇੱਥੇ ਕਿਸੇ ਵੇਲੇ ਵੀ ਦਰਦਨਾਕ ਹਾਦਸਾ ਵਾਪਰ ਸਕਦਾ ਹੈ, ਪਰ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਇਸ ਸੰਬੰਧੀ ਅੱਖਾਂ ਬੰਦ ਕਰੀ ਬੈਠੇ ਹਨ | ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਸਕੱਤਰ ਦਲਜੀਤ ਸਿੰਘ ਐਮਾਂ, ਸਤਨਾਮ ਸਿੰਘ ਬਾਠ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾਂ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ ਨੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਖ਼ਸਤਾ ਹਾਲ ਪੁਲ ਦੀ ਮੁਰੰਮਤ ਕਰਨ ਅਤੇ ਇਸ ਦੇ ਨਾਲ ਬਣ ਰਹੇ ਨਵੇਂ ਪੁਲ ਦੇ ਕੰਮ ਨੂੰ ਤੁਰੰਤ ਨੇਪਰੇ ਚਾੜ੍ਹਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਥੇ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਸੰਬੰਧਿਤ ਮਹਿਕਮੇਂ ਦੇ ਅਧਿਕਾਰੀ ਹੋਣਗੇ |