ਅੰਮਿ੍ਤਸਰ, 20 ਜੂਨ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਨਾਲ ਸੰਬੰਧਿਤ ਸਮੂਹ ਵਿੱਦਿਅਕ ਤੇ ਸਮਾਜ ਭਲਾਈ ਅਦਾਰਿਆਂ ਵਲੋਂ ਅੱਠਵੇਂ ਪਾਤਿਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ 20 ਜੁਲਾਈ ਨੂੰ ਅੰਮਿ੍ਤਸਰ 'ਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਹੋਣ ਵਾਲੇ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਅੱਜ ਦੀਵਾਨ ਦੇ ਕਾਨਫਰੰਸ ਹਾਲ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਦੀਵਾਨ ਵਲੋਂ ਗੌਰਵਮਈ ਸਿੱਖ ਵਿਰਸੇ ਅਤੇ ਪ੍ਰੰਪਰਾਵਾਂ ਨੂੰ ਸੁਰਜੀਤ ਰੱਖਣ ਲਈ ਤੇ ਸਿੱਖੀ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨਵੀਂ ਪਨੀਰੀ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ 20 ਜੁਲਾਈ ਦੀ ਰਾਤ ਨੂੰ ਦੀਵਾਨ ਦੇ ਪ੍ਰਮੁੱਖ ਵਿੱਦਿਅਕ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਸ਼ਾਲ ਅਲੌਕਿਕ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਦੌਰਾਨ ਸਿੰਘ ਸਾਹਿਬਾਨ, ਪੰਥ ਦੇ ਪ੍ਰਸਿੱਧ ਰਾਗੀ ਜਥਿਆਂ, ਸੈਂਟਰਲ ਖ਼ਾਲਸਾ ਯਤੀਮਖ਼ਾਨਾ ਤੇ ਸੀ. ਕੇ. ਡੀ. ਸਕੂਲਾਂ ਦੇ ਕੀਰਤਨੀ ਜਥਿਆਂ ਵਲੋਂ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਵਧੀਕ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਵਧੀਕ ਆਨਰੇਰੀ ਸਕੱਤਰ ਤੇ ਮੁੱਖ ਦਫਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਨੇ ਕਿਹਾ ਕਿ ਇਸ ਕੀਰਤਨ ਦਰਬਾਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਣਗੀਆਂ ਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਵਾਟਰ ਪਰੂਫ਼ ਪੰਡਾਲ ਵਿਚ ਸੰਗਤਾਂ ਦੀ ਸਹੂਲਤ ਲਈ ਏ. ਸੀ. ਵੀ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਦੀਵਾਨ ਵਲੋਂ ਕੀਰਤਨ ਦਰਬਾਰ ਵਿਚ ਪੁੱਜਣ ਵਾਲੀਆਂ ਉੱਘੀਆਂ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਕੱਤਰਤਾ ਦੌਰਾਨ ਪ੍ਰਧਾਨ ਡਾ. ਨਿੱਜਰ ਤੇ ਆਨਰੇਰੀ ਸਕੱਤਰਾਂ ਤੋਂ ਇਲਾਵਾ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਪ੍ਰੋ: ਵਰਿਆਮ ਸਿੰਘ, ਏ. ਪੀ. ਐੱਸ. ਮਾਨ, ਸਰਜੋਤ ਸਿੰਘ ਸਾਹਨੀ, ਗੁਰਬਖਸ਼ ਸਿੰਘ ਬੇਦੀ, ਇੰਦਰਜੀਤ ਸਿੰਘ ਅੜੀ, ਜਸਮੀਤ ਸਿੰਘ, ਹਰਜੀਤ ਸਿੰਘ, ਸਵਰਾਜ ਸਿੰਘ ਸ਼ਾਮ, ਕਮਲਜੀਤ ਸਿੰਘ ਕੋਹਲੀ, ਨਵਤੇਜ ਸਿੰਘ ਨਾਰੰਗ, ਅਮਰਜੀਤ ਸਿੰਘ, ਸੁਖਰਾਜ ਬਹਾਦਰ ਸਿੰਘ, ਡਾਇਰੈਕਟਰ ਏ. ਪੀ. ਐੱਸ. ਚਾਵਲਾ, ਸੁਖਜਿੰਦਰ ਸਿੰਘ ਛੱਤਵਾਲ ਤੇ ਪਿ੍ੰਸੀਪਲ ਕਵਲਪ੍ਰੀਤ ਕੌਰ ਆਦਿ ਹਾਜ਼ਰ ਸਨ |