ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਥਾਣਾ ਝਬਾਲ ਦੀ ਪੁਲਿਸ ਨੇ ਇਕ ਆਪਰੇਸ਼ਨ ਦੌਰਾਨ ਲੋਕਾਂ ਨੂੰ ਡਰਾ-ਧਮਕਾ ਕੇ ਪੈਲੀ ਹੜਪਣ ਅਤੇ ਫਿਰੌਤੀ ਮੰਗਣ ਵਾਲੇੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਝਬਾਲ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ 20 ਜੂਨ ਨੂੰ ਸਹਿਜਵੀਰ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਪਿੰਡ ਜਗਤਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਕਿ ਉਹ ਪਿੰਡ ਜਗਤਪੁਰਾ ਦਾ ਰਹਿਣ ਵਾਲਾ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ, ਪਿੰਡ ਜਗਤਪੁਰਾ ਵਿਚ ਉਸਦੀ ਜ਼ਮੀਨ ਕਰੀਬ ਸਵਾ ਚਾਰ ਕਿੱਲੇ ਹੈ, ਜੋ ਇਹ ਜ਼ਮੀਨ ਉਸਨੇ ਆਪਣੇ ਚਾਚੇ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਤਪੁਰਾ ਨੂੰ ਠੇਕੇ 'ਤੇ ਵਾਹੀ ਕਰਨ ਲਈ ਦਿੱਤੀ ਸੀ | ਇਹ ਜਮੀਨ ਉਸਦੇ ਚਾਚੇ ਨਿਸ਼ਾਨ ਸਿੰਘ ਪਾਸ ਪਿਛਲੇ 12 ਸਾਲ ਤੋਂ ਠੇਕੇ ਪਰ ਸੀ, ਜੋ ਹੁਣ ਮੁੱਦਈ ਨੇ ਇਹ ਜ਼ਮੀਨ ਠੇਕੇ ਤੋਂ ਛੁਡਾ ਲਈ ਸੀ ਅਤੇ ਜ਼ਮੀਨ ਦੀ ਵਾਹੀ ਹੁਣ ਉਹ ਖੁਦ ਕਰ ਰਿਹਾ ਸੀ, ਜਦ ਜ਼ਮੀਨ ਵਾਉਣ ਲਈ ਉਹ ਜਾਂਦਾ ਸੀ ਤਾਂ ਉਸਦਾ ਚਾਚਾ ਉਸਦੀ ਜ਼ਮੀਨ ਵਿੱਚ ਜਾਣ ਤੋਂ ਰੋਕਦਾ ਸੀ | ਉਸਦੇ ਚਾਚੇ ਨਿਸ਼ਾਨ ਸਿੰਘ ਦੇ ਗੈਂਗਸਟਰਾਂ ਨਾਲ ਸਬੰਧ ਵੀ ਹਨ | ਮਿਤੀ 5 ਜੂਨ ਅਤੇ 6 ਜੂਨ ਨੂੰ ਉਸਦੇ ਫੋਨ 'ਤੇ ਉਸਨੂੰ ਵਟਸਐੱਪ ਨੰਬਰ 'ਤੇ ਕਾਲਾਂ ਆਈਆ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆ, ਪੈਲੀ ਨੂੰ ਹੜੱਪਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਕਾਲਾਂ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਦੱਸਿਆ | ਐੱਸ.ਐੱਸ.ਓ. ਪ੍ਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਝਬਾਲ ਵਿਖੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਅਤੇ ਐੱਸ.ਐੱਸ.ਪੀ. ਦੀਪਕ ਪਾਰੀਕ, ਐੱਸ.ਪੀ.(ਡੀ) ਅਜੇਰਾਜ ਸਿੰਘ, ਐੱਸ.ਪੀ. ਰਿਪੁਤਾਪਨ ਸਿੰਘ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਉਨ੍ਹਾਂ ਦੀ ਟੀਮ ਵਲੋਂ ਤਕਨੀਕੀ ਇੰਨਟੈਲੀਜੈਂਸ ਅਤੇ ਟੈਕਨੀਕਲ ਐਨਾਲਾਈਸਿਸ ਰਾਹੀਂ ਇਹ ਪਤਾ ਲੱਗਾ ਕਿ ਸਹਿਜਵੀਰ ਸਿੰਘ ਨੂੰ ਜਿਸ ਨੰਬਰ ਤੋਂ ਧਮਕੀ ਦੀਆਂ ਕਾਲਾਂ ਆ ਰਹੀਆ ਸਨ, ਜੋ ਆਪਣੇ ਆਪ ਨੂੰ ਗੈਂਗਸਟਰ ਦੱਸਦਾ ਸੀ, ਉਸਦੀ ਪਛਾਣ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਬੂਟਾ ਸਿੰਘ ਵਾਸੀ ਮਹਿੰਦੀਪੁਰ ਥਾਣਾ ਖੇਮਕਰਨ ਵਜੋ ਹੋਈ ਹੈ | ਜਿਸ 'ਤੇ ਤਰਨ ਤਾਰਨ ਪੁਲਿਸ ਨੂੰ ਟੈਕਨੀਕਲ ਐਨਾਲਾਈਸਿਸ ਰਾਹੀਂ ਇਹ ਵੀ ਪਤਾ ਲੱਗਾ ਕਿ ਸਹਿਜਵੀਰ ਸਿੰਘ ਦਾ ਚਾਚਾ ਨਿਸ਼ਾਨ ਸਿੰਘ ਉਕਤ ਨਾਲ ਇਸ ਵਿਅਕਤੀ ਦੇ ਸਬੰਧ ਸਨ, ਨਿਸ਼ਾਨ ਸਿੰਘ ਨੇ ਹੀ ਗੁਰਸਾਹਿਬ ਸਿੰਘ ਉਰਫ ਸਾਬਾ ਨਾਲ ਤਾਲ-ਮੇਲ ਕਰਕੇ ਉਸਨੂੰ ਹਾਇਰ ਕਰਕੇ ਉਸ ਰਾਹੀਂ ਆਪਣੇ ਭਤੀਜੇ ਨੂੰ ਵੈਟਸਐਪ ਰਾਹੀਂ ਪੈਲੀ ਹੜਪਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾਈਆਂ ਹਨ | ਜਿਸ ਤਹਿਤ ਥਾਣਾ ਝਬਾਲ ਦੀ ਪੁਲਿਸ ਨੂੰ ਹਿਊਮਨ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁਕੱਦਮੇ ਵਿਚ ਲੋੜੀਂਦੇ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਬੂਟਾ ਸਿੰਘ ਵਾਸੀ ਮਹਿੰਦੀਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਤਪੁਰਾ ਨੂੰ ਗਿ੍ਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ |