ਤਰਨ ਤਾਰਨ, 21 ਜੂਨ (ਪਰਮਜੀਤ ਜੋਸ਼ੀ)- ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਏ ਸਾਈਕਲ ਸਵਾਰ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਵਲਟੋਹਾ ਦੀ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵਲਟੋਹਾ ਵਿਖੇ ਨਵਜੋਤ ਕੌਰ ਪਤਨੀ ਮੁਲਖਬੀਰ ਸਿੰਘ ਵਾਸੀਸਰਾਏ ਵਲਟੋਹਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਤੀ ਮੁਲਖਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ 15 ਜੂਨ ਨੂੰ ਸ਼ਾਮ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਪਿੰਡ ਨੂੰ ਵਾਪਸ ਆਪਣੇ ਸਾਈਕਲ 'ਤੇ ਆ ਰਿਹਾ ਸੀ ਤਾਂ ਪਿੰਡ ਵਾੜਾ ਤੇਲੀਆ ਲਾਗੇ ਪੁੱਜਾ ਤਾਂ ਪਿੱਛੋ ਇਕ ਕਾਰ ਨੰਬਰੀ ਪੀ.ਬੀ 08 ਈ.ਵੀ 2113 ਆਈ, ਜਿਸ ਦੇ ਡਰਾਇਵਰ ਨੇ ਬੜੀ ਲਾਪ੍ਰਵਾਹੀ ਨਾਲ ਕਾਰ ਉਸਦੇ ਪਤੀ ਦੇ ਸਾਈਕਲ ਦੇ ਪਿੱਛੇ ਮਾਰੀ ਤਾਂ ਉਸਦਾ ਪਤੀ ਦੀ ਸੜਕ 'ਤੇ ਡਿੱਗਣ ਕਾਰਨ ਉਸਦੇ ਸਿਰ ਵਿਚ ਅਤੇ ਹੋਰ ਸਰੀਰ 'ਤੇ ਕਾਫੀ ਸੱਟਾਂ ਲੱਗ ਗਈਆਂ ਸਨ, ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਅਮਿ੍ਤਸਰ ਜੇਰੇ ਇਲਾਜ ਸੀ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਮਮਲਾ ਦਰਜ ਕਰ ਲਿਆ ਹੈ |