ਫਤਿਆਬਾਦ, 21 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਬਾਬਾ ਮਹਿਤਾ ਕਾਲੂ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਬੀਰ ਸਿੰਘ ਜੱਗਾ ਦੀ ਅਗਵਾਈ ਹੇਠ ਹੜ੍ਹਾਂ ਦੇ ਪ੍ਰਕੋਪ ਦੌਰਾਨ ਹੜ੍ਹ ਪੀੜਤ ਲੋਕਾਂ ਦੀ ਵੱਖ-ਵੱਖ ਤਰੀਕਿਆਂ ਨਾਲ ਨਿਭਾਈ ਗਈ ਸੇਵਾ ਦੌਰਾਨ ਦੇਖਿਆ ਗਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪੀੜਤ ਲੋਕਾਂ ਦੀ ਸੇਵਾ ਲਈ ਰਾਸ਼ਨ ਲੈ ਕੇ ਜਾਂਦੇ ਹੋਏ ਇਕ ਟਰੈਕਟਰ ਪਲਟ ਗਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਇਸੇ ਤਰ੍ਹਾਂ ਹੀ ਇਕ ਨੌਜਵਾਨ ਦੀ ਡੁੱਬ ਕੇ ਮੌਤ ਹੋ ਗਈ, ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਇਥੇ ਹੀ ਬੱਸ ਨਹੀ ਹੋਰ ਵੀ ਕਈ ਨੌਜਵਾਨਾਂ ਦੀ ਇਸ ਸੇਵਾ ਕਰਨ ਦੌਰਾਨ ਮੌਤ ਹੋ ਗਈ ਜੋ ਕਿ ਹੜ੍ਹ ਪੀੜਤਾਂ ਦੀ ਸੇਵਾ ਵਿਚ ਲੱਗੇ ਹੋਏ ਸਨ | ਇਸ ਮੌਕੇ ਇਕ ਮਤਾ ਪਾਸ ਕੀਤਾ ਗਿਆ, ਜਿਸ ਵਿਚ ਪ੍ਰਧਾਨ ਜਗਬੀਰ ਸਿੰਘ ਜੱਗਾ ਤੋਂ ਇਲਾਵਾ ਬਾਬਾ ਮਹਿਤਾ ਕਾਲੂ ਸੇਵਾ ਸੁਸਾਇਟੀ ਦੇ ਮੈਂਬਰਾਂ ਸੰਦੀਪ ਸਿੰਘ ਬਲਵਿੰਦਰ ਸਿੰਘ, ਸੁਖਜੀਤ ਸਿੰਘ, ਹਰਭਜਨ ਸਿੰਘ, ਕੁਲਵੰਤ ਸਿੰਘ,, ਤਰਸੇਮ ਸਿੰਘ, ਹਰਭਿੰਦਰ, ਸਿੰਘ ਅਤੇ ਹੋਰ ਸ਼ਾਮਲ ਹੋਏ | ਇਸ ਪਾਸ ਕੀਤੇ ਮਤੇ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਹੜ੍ਹਾਂ ਦੌਰਾਨ ਹੜ੍ਹ ਪੀੜਤਾਂ ਦੀ ਸੇਵਾ ਕਰਦੇ ਹੋਏ ਜਿੰਨਾ ਨੌਜਵਾਨਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇ, ਤਾਂ ਕਿ ਉਨ੍ਹਾਂ ਦਾ ਹਿਰਦਾ ਸ਼ਾਂਤ ਹੋ ਸਕੇ ਕਿ ਸਰਕਾਰ ਨੇ ਸਾਨੂੰ ਭੁਲਾਇਆ ਨਹੀਂ |
ਹੜ੍ਹਾਂ ਦੌਰਾਨ ਸੇਵਾ ਕਰਨ ਵਾਲੇ ਮੌਤ ਦੇ ਮੂੰਹ 'ਚ ਜਾ ਪਏ ਨੌਜਵਾਨਾਂ ਨੂੰ ਸ਼ਹੀਦ ਦਾ ਦਰਜਾ ਦੇਵੇ ਸਰਕਾਰ-ਜਗਬੀਰ ਸਿੰਘ ਜੱਗਾ <br/>
ਅਜੀਤ ਡੈਸਕ
22-09-2025