ਖਡੂਰ ਸਾਹਿਬ, 21 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਐਸ.ਡੀ.ਐਚ. ਖਡੂਰ ਸਾਹਿਬ ਵਿਖੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਰਵੀਰ ਸਿੰਘ ਸਿੱਧੂ ਨੂੰ ਤਰੱਕੀ ਮਿਲਣ ਉਪਰੰਤ ਹੁਣ ਜ਼ਿਲ੍ਹਾ ਸਿਹਤ ਅਫਸਰ (ਡੀ.ਐਚ.ਓ.) ਫਿਰੋਜ਼ਪੁਰ ਵਜੋਂ ਨਿਯੁਕਤੀ ਹੋਈ ਹੈ | ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਚ 2013 ਤੋਂ ਬੱਚਿਆਂ ਦੇ ਰੋਗਾਂ ਦੇ ਮਾਹਿਰ ਵਜੋਂ ਸੇਵਾ ਨਿਭਾ ਰਹੇ ਡਾ. ਅਮਰਵੀਰ ਸਿੰਘ ਸਿੱਧੂ ਨੂੰ ਵਿਸ਼ੇਸ਼ ਵਿਦਾਇਗੀ ਦਿੱਤੀ ਗਈ | ਮਰੀਜ਼ਾਂ ਪ੍ਰਤੀ ਸਮਰਪਣ, ਨਿਮਰ ਸੁਭਾਅ ਅਤੇ ਦਇਆ-ਭਾਵਨਾ ਲਈ ਪ੍ਰਸਿੱਧ ਡਾ. ਸਿੱਧੂ ਨੇ ਇਲਾਕੇ ਦੇ ਲੋਕਾਂ ਨਾਲ-ਨਾਲ ਸਹਿਕਰਮੀਆਂ ਦੇ ਦਿਲਾਂ ਵਿਚ ਵੀ ਵਿਸ਼ੇਸ਼ ਥਾਂ ਬਣਾਈ | ਸਿਹਤ ਮਹਿਕਮੇ ਵਲੋਂ ਉਨ੍ਹਾਂ ਨੂੰ ਚੰਗੇ ਕੰਮ ਕਾਰ ਲਈ ਸਮੇਂ ਸਮੇਂ ਸਨਮਾਨਿਤ ਵੀ ਕੀਤਾ ਗਿਆ | ਕੋਰੋਨਾ ਕਾਲ ਦੌਰਾਨ ਡਾ. ਸਿੱਧੂ ਦੁਆਰਾ ਬਾਬਾ ਸੇਵਾ ਸਿੰਘ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਲਾਕੇ ਦੀ ਕੀਤੀ ਸੇਵਾ ਬਹੁਤ ਸਲਾਹੁਣਯੋਗ ਰਹੀ ਅਤੇ ਉਨ੍ਹਾਂ ਦੀ ਲੰਬੀ ਤੇ ਸ਼ਾਨਦਾਰ ਸੇਵਾ ਨੂੰ ਸਲਾਮੀ ਦਿੰਦਿਆਂ ਹੁਣ ਉਨ੍ਹਾਂ ਨੂੰ ਜ਼ਿਲ੍ਹਾ ਸਿਹਤ ਅਫਸਰ (ਡੀ.ਐਚ.ਓ.) ਫਿਰੋਜ਼ਪੁਰ ਵਜੋਂ ਤਰੱਕੀ ਮਿਲੀ ਹੈ | ਇਸ ਮੌਕੇ ਹਸਪਤਾਲ ਸਟਾਫ਼ ਵਲੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਕਰਮਚਾਰੀਆਂ ਨੇ ਆਪਣੇ ਯਾਦਗਾਰ ਤਜਰਬੇ ਸਾਂਝੇ ਕੀਤੇ | ਸਹਿਕਰਮੀਆਂ ਨੇ ਉਨ੍ਹਾਂ ਨੂੰ 'ਮਰੀਜ਼ਾਂ ਦੀ ਭਲਾਈ ਨੂੰ ਸਿਰਲੇਖ ਬਣਾਉਣ ਵਾਲਾ ਚਿਕਿਤਸਕ' ਅਤੇ 'ਉਹ ਟੀਮ-ਲੀਡਰ ਜੋ ਆਪਣੇ ਆਚਰਨ ਨਾਲ ਹੀ ਪ੍ਰੇਰਨਾ ਦਿੰਦੇ ਹਨ' ਵਜੋਂ ਵਰਣਨ ਕੀਤਾ | ਇਸ ਮੌਕੇ ਐਸ.ਐਮ.ਓ. ਡਾ. ਸੰਦੀਪ ਕਾਲੜਾ ਅਤੇ ਹਾਜ਼ਰੀਨਾਂ ਨੇ ਡਾ. ਸਿੱਧੂ ਨੂੰ ਨਵੇਂ ਪਦ 'ਤੇ ਨਿਯੁਕਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਜਤਾਈ ਕਿ ਉਹ ਫਿਰੋਜ਼ਪੁਰ ਵਿਚ ਵੀ ਆਪਣੇ ਸਮਰਪਿਤ ਸਿਹਤ ਸੇਵਾ ਮਿਸ਼ਨ ਨੂੰ ਹੋਰ ਵੱਡੇ ਪੱਧਰ 'ਤੇ ਅੱਗੇ ਵਧਾਉਣਗੇ |