ਖਡੂਰ ਸਾਹਿਬ, 16 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਦੱਸਣ ਵਾਲੀ ਭਗਵੰਤ ਮਾਨ ਸਰਕਾਰ ਪੰਜਾਬ ਦਾ ਖਜ਼ਾਨਾ ਦੂਸਰੇ ਸੂਬਿਆਂ ਦੀਆਂ ਚੋਣਾਂ ਉਪਰ ਖਰਚ ਕੇ ਖ਼ਾਲੀ ਕਰ ਦਿੱਤਾ ਗਿਆ ਤੇ ਹੁਣ ਸਰਕਾਰੀ ਜਾਇਦਾਦਾਂ ਵੇਚਣ 'ਤੇ ਉਤਾਰੂ ਹੋ ਗਈ ਹੈ | ਜਿਸ ਦਾ ਵਿਰੋਧ ਕਰਨ ਲਈ ਲੁਧਿਆਣਾ ਵਿਖੇ 24 ਤੇ 29 ਅਕਤੂਬਰ ਨੂੰ ਧਰਨਾ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਜਨਰਲ ਸਕੱਤਰ ਜਥੇਦਾਰ ਹਰਦੇਵ ਸਿੰਘ ਨਾਗੋਕੇ ਨੇ ਕਿਹਾ ਕਿ ਪਾਵਰਕਾਮ ਦੀ ਇਕ ਇੰਚ ਵੀ ਜ਼ਮੀਨ ਵੇਚਣ ਨਹੀਂ ਦਿੱਤੀ ਜਾਵੇਗੀ | ਨਾਗੋਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਦੇ 10 ਦਫ਼ਤਰਾਂ ਦੀਆਂ ਇਮਾਰਤਾਂ ਵੇਚਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਬਹੁਤ ਜਲਦੀ ਨਿਲਾਮੀ ਕਰਵਾਉਣ ਲਈ ਉਤਾਵਲੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਧਿਕਾਰੀਆਂ, ਕਰਮਚਾਰੀਆਂ ਤੇ ਪੈਨਸ਼ਨਰਾਂ ਵਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੇ ਖਿਲਾਫ 24 ਅਤੇ 29 ਅਕਤੂਬਰ ਨੂੰ ਚੀਫ ਦਫ਼ਤਰ ਲੁਧਿਆਣਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ 2 ਨਵੰਬਰ ਨੂੰ ਪੰਜਾਬ ਪੱਧਰ ਦਾ ਧਰਨਾ ਆਰਤੀ ਚੌਂਕ ਲੁਧਿਆਣਾ ਵਿਖੇ ਲਗਾਇਆ ਜਾਵੇਗਾ | ਇਸ ਮੌਕੇ ਤੇਜਿੰਦਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ, ਗੁਰਭੇਜ ਸਿੰਘ ਵਡਾਲਾ ਪ੍ਰਚਾਰ ਸਕੱਤਰ, ਧਰਮਜੀਤ ਸਿੰਘ ਸਰਕਲ ਪ੍ਰਧਾਨ ਤਰਨ ਤਾਰਨ, ਦਿਲਬਾਗ ਸਿੰਘ ਸਕੱਤਰ ਤਰਨ ਤਾਰਨ, ਸੁਰਜੀਤ ਸਿੰਘ ਉਪਲ ਡਵੀਜ਼ਨ ਪ੍ਰਧਾਨ, ਮਲਕੀਤ ਸਿੰਘ ਸਬ ਡਵੀਜ਼ਨ ਪ੍ਰਧਾਨ ਮਹਿਤਾ, ਨਰਿੰਦਰ ਸਿੰਘ ਨਾਗੋਕੇ, ਮਨਜੀਤ ਸਿੰਘ ਸਹਿਸਾਰਾ, ਹੀਰਾ ਸਿੰਘ ਨਾਗੋਕੇ, ਸਤਨਾਮ ਸਿੰਘ ਬਾਬਾ ਬਕਾਲਾ ਸਾਹਿਬ, ਕਰਮਜੀਤ ਸਿੰਘ ਮੱਲਮੋਹਰੀ, ਨਰਿੰਦਰ ਸਿੰਘ ਜੋਧਪੁਰੀ ਆਦਿ ਨੇ ਵੀ ਵਿਰੋਧ ਕੀਤਾ |