ਗੋਇੰਦਵਾਲ ਸਾਹਿਬ, 16 ਅਕਤੂਬਰ (ਸਕੱਤਰ ਸਿੰਘ ਅਟਵਾਲ)-ਪਿਛਲੇ ਦਿਨੀਂ ਅਕਤੂਬਰ ਮਹੀਨੇ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਦੁਆਰਾ 69ਵੀਆਂ ਰਾਜ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਪੰਜਾਬ ਰਾਜ ਦੇ ਕਈ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਖੇਡਾਂ ਦਾ ਮਕਸਦ ਵਿਦਿਆਰਥੀਆਂ ਵਿਚ ਇਕਜੁੱਟ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਦਾ ਸਰੀਰਕ ਤੇ ਬੋਧਿਕ ਵਿਕਾਸ ਕਰਨਾ ਸੀ | ਇਨ੍ਹਾਂ ਰਾਜ ਪੱਧਰੀ ਖੇਡਾਂ ਵਿਚ ਜ਼ਿਲ੍ਹਾ ਤਰਨ ਤਾਰਨ ਦੀ ਵਾਲੀਬਾਲ (ਅੰਡਰ-17) ਲੜਕੀਆਂ ਦੀ ਟੀਮ ਨੇ ਵੀ ਹਿੱਸਾ ਲਿਆ, ਜਿਸ ਵਿਚ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀਆਂ ਦੋ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ (ਜਮਾਤ ਨੌਂਵੀ) ਸਪੁੱਤਰੀ ਗੁਰਭੇਜ ਸਿੰਘ ਪਿੰਡ ਧੂੰਦਾ ਅਤੇ ਗੁਰਮਨਦੀਪ ਕੌਰ (ਜਮਾਤ ਨੌਂਵੀ) ਸਪੁੱਤਰੀ ਸਰੂਪ ਸਿੰਘ ਪਿੰਡ ਖਵਾਸਪੁਰ ਨੇ ਆਪਣੇ ਕੋਚ ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਅਤੇ ਰਾਜਬੀਰ ਕੌਰ ਦੀ ਸਹੀ ਸੇਧ ਅਤੇ ਆਪਣੀ ਮਿਹਨਤ ਸਦਕਾ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਪੂਰੇ ਰਾਜ ਵਿਚ ਰੌਸ਼ਨ ਕੀਤਾ, ਜੋ ਕਿ ਇਕ ਮਾਣ ਵਾਲੀ ਗੱਲ ਹੈ | ਇਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਡੀ.ਐੱਸ.ਓ. ਮੁਕਤਸਰ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦੀ ਪਾਤਰ ਦੱਸਦਿਆਂ ਹੋਇਆਂ ਹਰ ਖੇਤਰ ਵਿਚ ਆਪਣਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ |