ਪੱਟੀ, 17 ਅਕਤੂਬਰ (ਖਹਿਰਾ, ਕਾਲੇਕੇ)-ਸਥਾਨਿਕ ਸ਼ਹਿਰ ਦੇ ਰੇਲਵੇ ਸਟੇਸ਼ਨ ਰੋਡ 'ਤੇ ਮਾਮੂਲੀ ਤਕਰਾਰ ਨੇ ਗੰਭੀਰ ਰੂਪ ਧਾਰ ਲਿਆ, ਜਦੋਂ ਦੋ ਪੱਖਾਂ ਵਿਚ ਹੋਈ ਬਹਿਸ ਦੌਰਾਨ ਇਕ ਪੱਖ ਵਲੋਂ ਗੋਲੀ ਚਲਾਈ ਗਈ | ਇਸ ਘਟਨਾ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਇਸ ਸੰਬੰਧੀ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਵਰਿੰਦਰ ਕੁਮਾਰ ਪੁੱਤਰ ਕਿ੍ਸ਼ਨ ਲਾਲ ਨੇ ਦੱਸਿਆ ਕਿ ਮੈਂ ਫੂਡ ਸਪਲਾਈ ਵਿਭਾਗ ਵਿਚ ਡਾਟਾ ਆਪ੍ਰੇਟਰ ਦੀ ਨੌਕਰੀ ਕਰਦਾ ਹਾਂ ਤੇ ਜਦ ਦੇਰ ਸ਼ਾਮ ਮੈਂ ਤੇ ਮੇਰਾ ਭਰਾ ਰਜਿੰਦਰ ਕੁਮਾਰ ਜੋ ਮੰਡੀ ਵਿਚ ਕੰਮ ਕਰਦਾ ਹੈ, ਅਸੀਂ ਦੋਵੇਂ ਆਪਣੇ ਘਰ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸੀ ਤਾਂ ਸਟੇਸ਼ਨ ਰੋਡ 'ਤੇ ਇਕ ਕਾਰ ਰਸਤੇ ਵਿਚ ਖੜੀ ਹੋਣ ਕਾਰਨ ਰੋਡ ਜਾਮ ਹੋ ਗਿਆ | ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਸਾਡੇ ਸਾਹਮਣੇ ਤੋਂ ਇਕ ਮੋਟਰਸਾਈਕਲ ਸਵਾਰ ਆਦਮੀ ਜੋ ਜਿਸ ਨੇ ਦੁੱਧ ਦੇ ਡਰੰਮ ਮੋਟਰਸਾਈਕਲ ਦੇ ਦੋਵੇਂ ਪਾਸਿਆਂ 'ਤੇ ਲਮਕਾਏ ਸੀ, ਉਹ ਜਦ ਸਾਡੇ ਨਜ਼ਦੀਕ ਦੀ ਲੰਘਣ ਲੱਗਿਆ ਤਾਂ ਉਸ ਨੇ ਸਾਡੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ 'ਤੇ ਸਾਡੀ ਬਹਿਸ ਹੋ ਗਈ ਤੇ ਤਲਖੀ ਵਿਚ ਆਉਂਦਿਆਂ ਉਸ ਵਿਅਕਤੀ ਨੇ ਪਹਿਲਾਂ ਦੁੱਧ ਵਾਲੇ ਡਰੰਮ ਦਾ ਢੱਕਣ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਇਕ ਗੋਲੀ ਮੇਰੀ ਲੱਤ ਵਿਚ ਵੱਜ ਗਈ | ਵਰਿੰਦਰ ਕੁਮਾਰ ਨੇ ਦੱਸਿਆ ਕਿ ਮੈ ਇਸ ਦੀ ਸਿਕਾਇਤ ਮੌਕੇ 'ਤੇ ਹੀ ਪੁਲਿਸ ਨੂੰ 100 ਨੰਬਰ 'ਤੇ ਕੀਤੀ ਤੇ ਸਥਾਨਿਕ ਪੁਲਿਸ ਨੇ ਮੌਕੇ 'ਤੇ ਹੀ ਪਹੁੰਚ ਕੇ ਉਸ ਵਿਅਕਤੀ ਨੰੂ ਗਿ੍ਫ਼ਤਾਰ ਕਰ ਲਿਆ | ਜਦ ਉਪਰੋਕਤ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਕੁਲਵੰਤ ਰਾਏ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਸੁਨਣਾ ਮੁਨਾਸਿਬ ਨਹੀਂ ਸਮਝਿਆ |
ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ
ਅਜੀਤ ਡੈਸਕ
18-10-2025