ਪੱਟੀ, 17 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਅਧੀਨ ਚੱਲ ਰਹੀ ਨਾਮਵਰ ਸਿੱਖਿਆ ਸੰਸਥਾਵਾਂ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਮੈਨੇਜਿੰਗ ਡਾਇਰੈਕਟਰ ਕਮ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਯੋਗ ਅਗੁਵਾਈ ਹੇਠ ਅੱਜ ਸਕੂਲ ਦੇ ਵਿਦਿਆਰਥੀ ਆਈ.ਆਈ.ਟੀ. ਰੋਪੜ ਦਾ ਦੌਰਾ ਕਰਨ ਪੁੱਜੇ | ਇਸ ਵਿਸੇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬਾਰ੍ਹਵੀਂ ਤੋਂ ਬਾਅਦ ਕਿਹੜੇ-ਕਿਹੜੇ ਕੋਰਸ ਕਰ ਸਕਦੇ ਹਨ, ਬਾਰੇ ਜਾਣੂ ਕਰਵਾਇਆ ਜਾਣਾ ਸੀ, ਤਾਂ ਜੋ ਵਿਦਿਆਰਥੀਆਂ 'ਚ ਵਿਦੇਸ਼ਾਂ ਵਿੱਚ ਜਾਣ ਦੀ ਲੱਗੀ ਹੋੜ ਨੂੰ ਰੋਕਿਆ ਜਾ ਸਕੇ | ਇਸ ਦੌਰੇ ਵਿਚ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ 26 ਵਿਦਿਆਰਥੀ ਸ਼ਾਮਿਲ ਸਨ | ਇਸ ਦੌਰੇ ਵਿਚ ਵਿਦਿਆਰਥੀਆਂ ਦੇ ਨਾਲ 3 ਅਧਿਆਪਕ ਜਿੰਨਾਂ ਵਿਚ ਸ੍ਰੀਮਤੀ ਮੰਜੂ ਦੇਵਗਨ, ਸ੍ਰੀਮਤੀ ਮਨਦੀਪ ਕੌਰ ਅਤੇ ਪ੍ਰਭਜੋਤ ਕੌਰ ਵੀ ਸ਼ਾਮਲ ਸਨ | ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਆਈ.ਆਈ.ਟੀ. ਰੋਪੜ ਦੀ ਸੰਸਥਾ 'ਚ ਚੱਲ ਰਹੇ ਤਕਨੀਕੀ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਦੌਰੇ 'ਤੇ ਵਿਦਿਆਰਥੀਆਂ ਨੂੰ ਰਵਾਨਾ ਕਰਨ ਸਮੇਂ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਮੈਡਮ ਸ਼ੁਭੀ ਭਾਰਦਵਾਜ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਟਸ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਦੌਰਿਆਂ ਦਾ ਇੰਤਜਾਮ ਕਰਦਾ ਰਹਿੰਦਾ ਹੈ, ਤਾਂ ਜੋ ਬੱਚੇ ਆਪਣੀ ਧਰਤੀ ਆਪਣੀ ਮਾਤਰ ਭੂਮੀ 'ਤੇ ਰਹਿ ਕੇ ਉਚੇਰੀ ਵਿੱਦਿਆ ਹਾਸਲ ਕਰ ਕੇ ਚੰਗੇ ਰੁਜ਼ਗਾਰ ਹਾਸਲ ਕਰਨ, ਨਾ ਕਿ ਵਿਦੇਸ਼ 'ਚ ਜਾ ਕੇ ਮਜ਼ਦੂਰੀ ਕਰਨ | ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਮੁੱਚੀ ਮੈਨੇਜ਼ਮੈਂਟ ਦਾ ਸਾਰੇ ਹੀ ਵਿਦਿਆਰਥੀਆਂ ਨੂੰ ਇਹੀ ਸੰਦੇਸ਼ ਹੈ ਕਿ ਉਹ ਆਪਣੇ ਮਾਤਾ- ਪਿਤਾ ਦਾ ਬੁਢਾਪੇ ਵਿਚ ਸਹਾਰਾ ਬਣਨ |