ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਘਰ ਅੱਗੇ ਪਟਾਕੇ ਚਲਾਉਣ ਤੋਂ ਰੋਕਣ 'ਤੇ ਪਤੀ ਅਤੇ ਪਤਨੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 6 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗਿ੍ਫ਼ਤਾਰ ਵੀ ਕਰ ਕਰ ਲਿਆ ਹੈ | ਥਾਣਾ ਵੈਰੋਂਵਾਲ ਵਿਖੇ ਕੇਵਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕੀੜੀਸ਼ਾਹੀ ਨੇ ਸ਼ਿਕਾਇਤ ਦਰਜ ਕਰਵਾਈ ਕਿ 22 ਅਕਤੂਬਰ ਨੂੰ ਦੀਵਾਲੀ ਤੋੋਂ ਅਗਲੇ ਦਿਨ ਮੇਰੇ ਘਰ ਦੇ ਬੂਹੇ ਅੱਗੇ ਅਕਾਸ਼ਦੀਪ ਸਿੰਘ ਅਤੇ ਪਿ੍ੰਸ ਪਟਾਕੇ ਚਲਾ ਰਹੇ ਸੀ ਅਤੇ ਮੈਂ ਉਨ੍ਹਾਂ ਨੂੰ ਪਟਾਕੇ ਚਲਾਉਣ ਤੋੋਂ ਰੋਕਿਆ ਤਾਂ ਉਨ੍ਹਾਂ ਵਲੋਂ ਮੈਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ | ਮੈੈਂ ਡਰਦਾ ਆਪਣੇ ਘਰ ਚਲਾ ਗਿਆ ਇੰਨੇ੍ਹ ਨੂੰ ਕਾਹਨ ਸਿੰਘ ਪੁੱਤਰ ਗੁਰਦੀਪ ਸਿੰਘ, ਅਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀਆਨ ਵੈਰੋਵਾਲ ਕੀੜੀਸ਼ਾਹੀ ਦੋਵਾਂ ਨੇ ਲਲਕਾਰਾ ਮਾਰ ਕੇ ਕਿਹਾ ਕਿ ਫ਼ੜ ਲਉ ਇਸ ਨੂੰ ਪਟਾਕੇ ਚਲਾਉਣ ਤੋੋਂ ਰੋਕਣ ਦਾ ਮਜਾ ਚਖਾ ਦਿਉ ਤਾਂ ਇੰਨ੍ਹੇ ਨੂੰ ਅਕਾਸ਼ਦੀਪ ਸਿੰਘ ਅਤੇ ਪਿ੍ੰਸ, ਅਜੀਤ ਸਿੰਘ ਅਤੇ ਅਜੀਤ ਸਿੰਘ ਦਾ ਜਵਾਈ ਰਾਜਾ ਪੁੱਤਰ ਨਾਮਲੂਮ ਵਾਸੀ ਕੰਗ ਆਪਣੇ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ ਮੇਰੇ ਘਰ ਅੱਗੇ ਆਏ ਅਤੇ ਮੈਨੂੰ ਧੱਕਾ ਮਾਰ ਕੇ ਮੇਰੇ ਘਰ ਦੇ ਅੰਦਰ ਦਾਖ਼ਲ ਹੋ ਗਏ | ਘਰ ਅੰਦਰ ਮੇਰੀ ਅਤੇ ਮੇਰੀ ਪਤਨੀ ਕੁਲਵਿੰਦਰ ਕੌਰ ਦੀ ਬਹੁਤ ਕੁੱਟਮਾਰ ਕੀਤੀ ਅਤੇ ਸਾਨੂੰ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਮੈਂ ਅਤੇ ਮੇਰੀ ਪਤਨੀ ਕੁਲਵਿੰਦਰ ਕੌਰ ਇਲਾਜ ਲਈ ਸਿਵਲ ਹਸਪਤਾਲ ਮੀਆਂਵਿੰਡ ਵਿਖੇ ਦਾਖਲ ਰਹੇ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |