ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ ਦੇ ਸਹਿਯੋਗ ਨਾਲ ਐਮ.ਐਮ.ਏ. ਲਾਇਨਜ਼ ਕਲੱਬ ਵਲੋਂ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਤਰਨ ਤਾਰਨ ਵਿਖੇ ਸਿੰਘ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਕੈਂਪ ਵਿਚ ਲਗਪਗ 600 ਵਿਦਿਆਰਥੀਆਂ ਅਤੇ 50 ਸਟਾਫ਼ ਮੈਂਬਰ ਭਾਗ ਲੈ ਰਹੇ ਹਨ | ਸ਼ੁਰੂਆਤ ਮੌਕੇ ਆਈਸ ਬਰੇਕਰ ਸੈਸ਼ਨ, ਦਸਤਾਰਬੰਦੀ ਮੁਕਾਬਲੇ ਅਤੇ ਸ਼ਾਮ ਵੇਲੇ ਦੀ ਸਮਾਪਤੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਵਿਦਿਆਰਥੀਆਂ ਨੂੰ ਲੰਗਰ ਅਤੁੱਟ ਵਰਤਾਇਆ ਗਿਆ | ਇਸ ਕੈਂਪ ਵਿਚ ਵਿਦਿਆਰਥੀਆਂ ਨੂੰ ਗੁਰਮਤਿ ਸਿੱਖਿਆ, ਇਤਿਹਾਸ, ਮਾਰਸ਼ਲ ਆਰਟ ਦੇ ਨਾਲ ਨਾਲ ਗੁਰਬਾਣੀ ਦੇ ਵੱਖ ਵੱਖ ਪਹਿਲੂਆਂ ਸੰਬੰਧੀ ਵੱਖ ਵੱਖ ਸੈਸ਼ਨ ਦੌਰਾਨ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ | ਹਰੇਕ ਦਿਨ ਦੇ ਸੈਸ਼ਨ ਆਰੰਭਤਾ ਨਿਤਨੇਮ ਦੀਆਂ ਪੰਜ ਬਾਣੀਆਂ ਨਾਲ ਅਤੇ ਸ਼ਾਮ ਵੇਲੇ ਦੀ ਸਮਾਪਤੀ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ | ਕੈਂਪ ਵਿਚ ਸ਼ਾਮਿਲ ਵਿਦਿਆਰਥੀਆਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦਾ ਪ੍ਰਬੰਧ ਮੈਨੇਜ਼ਰ ਦਰਬਾਰ ਸਾਹਿਬ ਤਰਨ ਤਾਰਨ ਵਲੋਂ ਕੀਤਾ ਜਾ ਰਿਹਾ ਹੈ | ਪਿ੍ੰਸੀ. ਕੰਵਲਜੀਤ ਕੌਰ ਨੇ ਹਰਜਿੰਦਰ ਸਿੰਘ ਪੱਟੀ ਮੈਨੇਜ਼ਰ ਦਰਬਾਰ ਸਾਹਿਬ ਤਰਨ ਤਾਰਨ, ਮੀਤ ਮੈਨੇਜ਼ਰ ਅੰਗਰੇਜ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ |