ਭਿੱਖੀਵਿੰਡ, 23 ਅਕਤੂਬਰ (ਬੌਬੀ)-ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਪੁਲ ਦਾ ਰਿਬਨ ਕੱਟਣ ਤੋਂ ਬਾਅਦ ਜਿੱਥੇ ਸਾਬਕਾ ਅਤੇ ਮੌਜੂਦਾ ਵਿਧਾਇਕ ਆਹਮੋ ਸਾਹਮਣੇ ਹਨ, ਹੁਣ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬੈਂਕਾਂ ਦੇ ਸਰਪੰਚ ਚਮਕੌਰ ਸਿੰਘ ਨੇ ਪਿੰਡ ਬੈਂਕਾ ਵਿਚ ਵਿਹੜੇ ਦੀਆਂ ਗਲੀਆਂ ਬਣਾਉਣ ਲਈ ਸਾਬਕਾ ਵਿਧਾਇਕ ਵਲੋਂ 6 ਅਪ੍ਰੈਲ 2021 ਨੂੰ ਰੱਖੇ ਨੀਹ ਪੱਥਰ ਵਿਖਾਉਂਦਿਆਂ ਕਿਹਾ ਕਿ ਕਰੀਬ ਚਾਰ ਸਾਲ ਪਹਿਲਾਂ ਰੱਖੇ ਇਸ ਨੀਹ ਪੱਥਰ ਸੰਬੰਧੀ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੱਸਣਗੇ ਕਿ 10 ਲੱਖ ਰੁਪਏ ਦਾ ਇਹ ਪ੍ਰਾਜੈਕਟ ਪੂਰਾ ਕਿਉਂ ਨਹੀਂ ਹੋ ਸਕਿਆ ਅਤੇ ਇਹ ਪੈਸੇ ਕਿਸ ਦੀ ਜੇਬ ਵਿਚ ਗਏ | ਉਨ੍ਹਾਂ ਅੱਗੇ ਕਿਹਾ ਕਿ ਹਲਕੇ ਅੰਦਰ ਆਪਣੇ ਸਮੇਂ ਵਿਚ ਵਿਕਾਸ ਕਰਾਉਣ ਦੀਆਂ ਗੱਲਾਂ ਕਰਨ ਵਾਲੇ ਸਾਬਕਾ ਵਿਧਾਇਕ ਨੂੰ ਪਿੰਡ ਬੈਂਕਾਂ ਵਿਚ ਰੱਖੇ ਨੀਂਹ ਪੱਥਰ ਦੇ ਪੈਸਿਆਂ ਬਾਰੇ ਦੱਸਣਾ ਚਾਹੀਦਾ ਹੈ ਕਿ ਇਹ ਕਿਸ ਨੇ ਕਢਵਾਏ | ਸਰਪੰਚ ਚਮਕੌਰ ਸਿੰਘ ਨੇ ਕਿਹਾ ਕਿ ਸਰਕਾਰੀ ਕਾਗਜ਼ਾਂ ਵਿਚ ਇਹ ਗਲੀਆਂ ਬਣ ਚੁੱਕੀਆਂ ਹਨ, ਜਿਸ ਕਰਕੇ ਇਨ੍ਹਾਂ ਲਈ ਨਵੀਂ ਗ੍ਰਾਂਟ ਜਾਰੀ ਨਹੀਂ ਹੋ ਰਹੀ ਅਤੇ ਪਿੰਡ ਵਾਸੀ ਵੱਡੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਅਪੀਲ ਕੀਤੀ ਕਿ ਸਾਲ 2021 ਵਿਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਰੱਖੇ ਗਏ ਇਸ ਨੀਂਹ ਪੱਥਰ ਦੇ ਪੈਸਿਆਂ ਦੀ ਜਾਂਚ ਕਰਕੇ ਘਪਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਕਿਉਂਕਿ ਗਲੀਆਂ ਦੀ ਹਾਲਤ ਇੰਨੀ ਮਾੜੀ ਹੈ ਕਿ ਰਾਹਗੀਰਾਂ ਦਾ ਗਲੀਆਂ ਵਿਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਦੇ ਇਕ ਵਿਅਕਤੀ, ਜੋ ਕਿ ਆਟੋ ਚਲਾਉਂਦਾ ਹੈ, ਦੀ ਬਾਂਹ ਗਲੀ ਦੇ ਖੱਡੇ ਵਿਚ ਆਟੋ ਵੱਜਣ ਕਾਰਨ ਟੁੱਟ ਗਈ | ਉਨ੍ਹਾਂ ਕਿਹਾ ਕਿ ਪਿੰਡ ਬੈਂਕਾਂ ਦੇ ਲੋਕ ਸਾਬਕਾ ਵਿਧਾਇਕ ਤੋਂ ਪੁੱਛਣਾ ਚਾਹੁੰਦੇ ਹਨ ਕਿ ਸਾਡੇ ਪਿੰਡ ਦੇ ਵਿਕਾਸ ਲਈ ਇਕੋ ਇਕ ਰੱਖੇ ਨੀਹ ਪੱਥਰ ਦੇ ਪੈਸੇ ਕਿਸ ਨੇ ਕਢਵਾਏ ਅਤੇ ਕਿਸ ਨੇ ਆਪਣੀ ਜੇਬ ਵਿਚ ਪਾਏ, ਜਿਸ ਦੀ ਜਲਦੀ ਹੀ ਪੜਤਾਲ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ |