ਤਰਨ ਤਾਰਨ, 23 ਅਕਤੂਬਰ (ਪਰਮਜੀਤ ਜੋਸ਼ੀ)-ਅਕਸਰ ਸੁਰਖੀਆਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ | ਜੇਲ੍ਹ ਦੀ ਚੈਕਿੰਗ ਦੌਰਾਨ ਵੱਡੀ ਗਿਣਤੀ ਵਿਚ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ 21 ਅਕਤੂਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ 16 ਅਤੇ 17 ਨੰਬਰ ਟਾਵਰ ਦੇ ਨਜ਼ਦੀਕ ਇਕ ਲਵਾਰਿਸ ਹਾਲਤ ਵਿਚ ਪੈਕੇਟ ਮਿਲਿਆ ਜਿਸ ਵਿਚੋਂ 75 ਲਾਲ ਰੰਗ ਦੇ ਕੈਪਸੂਲ, 130 ਗੋਲੀਆਂ ਟਰਾਮਾਡੋਲ, 5 ਪੱਤਾਸ਼ਾਹ, 2 ਕੂਲਲਿਪ, 5 ਪੈਕੇਟ ਬੀੜੀਆਂ, 1 ਲਾਈਟਰ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਥਾਣਾ ਗੋਇੰਦਵਾਲ ਵਿਖੇ ਲਿਖਤੀ ਸ਼ਿਕਾਇਤ ਕੀਤੀ ਕਿ ਜੇਲ੍ਹ ਦੀ ਚੈਕਿੰਗ ਦੌਰਾਨ 9 ਕੀਪੈਡ ਫੋਨ, 10 ਟੱਚ ਫੋਨ, 5 ਚਾਰਜਰ, 6 ਡਾਟਾ ਕੇਬਲ, 1 ਈਅਰਫੋਨ, 1 ਹੈਡਫੋਨ, 16 ਪੁੜੀਆਂ ਤੰਬਾਕੂ, 5 ਬੀੜੀਆਂ ਦੇ ਬੰਡਲ, 6 ਹੀਟਰ ਸਪਰਿੰਗ, 6 ਸਿਗਰੇਟ ਪੇਪਰ, 7 ਫਿਲਟਰ ਚਿਪਸ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਜੇਲ੍ਹ ਵਿਚ ਇਹ ਪਾਬੰਦੀਸ਼ੁਦਾ ਸਮਾਨ ਕਿਸ ਤਰ੍ਹਾਂ ਪਹੁੰਚਿਆ |