ਤਰਨ ਤਾਰਨ, 23 ਅਕਤੂਬਰ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਬਾਬਾ ਦੀਪ ਸਿੰਘ ਜੀ ਦੀ ਇਕਾਈ ਰਟੌਲ ਵਿਚ ਮੀਟਿੰਗ ਕੀਤੀ ਗਈ | ਜਿਸਦੀ ਅਗਵਾਈ ਜੋਨ ਆਗੂ ਬਲਜੀਤ ਸਿੰਘ ਰਟੌਲ ਨੇ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਦਿਨੀਂ ਸਵਾਲ-ਜਵਾਬ ਕਰਨ ਗਏ ਕਿਸਾਨਾਂ 'ਤੇ ਕੀਤਾ ਗਿਆ ਤਸ਼ੱਦਦ ਅੱਤਨਿੰਦਨ ਯੋਗ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਨਾਲ ਕੀਤੀ ਬਦਸਲੂਕੀ ਬਰਦਾਸ਼ਤਯੋਗ ਨਹੀਂ ਹੈ ਅਤੇ ਇਸ ਨਾਲ ਸਰਕਾਰ ਦਾ ਅਸਲੀ ਚਿਹਰਾ ਜਗ ਜ਼ਾਹਿਰ ਹੋਇਆ ਹੈ, ਦੂਜੇ ਪਾਸੇ ਲੋਕਾਂ ਦੀ ਮੰਡੀਆਂ ਵਿਚ ਹੋ ਰਹੀ ਲੁੱਟ ਕਸੁੱਟ, ਪਰਾਲੀ ਦੇ ਪਰਚਿਆਂ ਅਤੇ ਸਰਕਾਰ ਵਲੋਂ ਕਿਸਾਨਾਂ ਦੇ ਸਵਾਲਾਂ ਤੋਂ ਭੱਜਣਾ ਆਮ ਗੱਲ ਹੈ | ਆਗੂਆਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਸਾਡੀ ਕੋਈ ਜਿੱਦ ਨਹੀਂ, ਇਹ ਸਾਡੀ ਮਜ਼ਬੂਰੀ ਹੈ, ਕਿਉਂਕਿ ਪਰਾਲੀ ਨੂੰ ਟਿਕਾਣੇ ਲਾਉਣ ਲਈ ਵੱਡੀ ਮਸ਼ੀਨਰੀ ਅਤੇ ਵਾਧੂ ਖਰਚੇ ਦਾ ਕਿਸਾਨਾਂ 'ਤੇ ਬੋਝ ਪੈ ਰਿਹਾ ਹੈ, ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਲਈ ਨਾ ਕੋਈ ਮੁਆਵਜ਼ਾ ਨਾ ਬੋਨਸ, ਸਰਕਾਰ ਪਰਾਲੀ ਦੇ ਮਸਲੇ ਨੂੰ ਲੈ ਕੇ ਫੇਲ੍ਹ ਹੁੰਦੀ ਸਾਬਤ ਦਿਖਾਈ ਦੇ ਰਹੀ ਹੈ | ਪੰਜਾਬ ਸਰਕਾਰ ਨੂੰ ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਿਸਾਨਾ ਨੂੰ ਮੁਆਵਜਾ ਦਿੱਤਾ ਜਾਵੇ | ਇਸ ਮੌਕੇ ਆਗੂ ਜਗਤਾਰ ਸਿੰਘ ਰਟੌਲ, ਹਰਜਿੰਦਰ ਸਿੰਘ ਰਟੌਲ, ਗੁਰਵੇਲ ਸਿੰਘ ਰਟੌਲ, ਮੁਖਤਾਰ ਸਿੰਘ ਰਟੌਲ, ਸੁਖਜਿੰਦਰ ਸਿੰਘ ਰਟੌਲ, ਸਰਦਾਰਾ ਸਿੰਘ ਰਟੌਲ, ਬਲਜੀਤ ਸਿੰਘ ਰਟੌਲ ਬੇਅੰਤ ਸਿੰਘ ਰਟੌਲ ਆਦਿ ਹਾਜ਼ਰ ਸਨ |