06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਗਵੰਤ ਮਾਨ ਨੇ 1,000 ਰੁਪਏ ਦਾ ਖੋਖਲਾ ਵਾਅਦਾ ਕਰ ਕੇ ਔਰਤਾਂ ਨਾਲ ਫਿਰ ਧੋਖਾ ਕੀਤਾ-ਬਾਜਵਾ

ਅਜੀਤ ਡੈਸਕ 05-11-2025
ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਦੋਸ਼ ਲਗਾਇਆ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਲਾਨੀ ਗਈ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਯੋਜਨਾ ਸੰਬੰਧੀ ਵਾਰ-ਵਾਰ ਝੂਠ ਬੋਲ ਕੇ ਅਤੇ ਖੋਖਲੇ ਵਾਅਦਿਆਂ ਰਾਹੀਂ ਪੰਜਾਬ ਦੀਆਂ ਔਰਤਾਂ ਦੇ ਵਿਸ਼ਵਾਸ ਨਾਲ ਧੋਖਾ ਕਰ ਰਹੇ ਹਨ | ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੱਖਾਂ ਔਰਤਾਂ ਦੀਆਂ ਉਮੀਦਾਂ 'ਤੇ ਸਵਾਰ ਹੋ ਕੇ ਸੱਤਾ ਵਿਚ ਆਈ ਹੈ ਜੋ ਮਾਨ ਦੇ ਸਿੱਧੀ ਵਿੱਤੀ ਸਹਾਇਤਾ ਦੇ ਵਾਅਦੇ 'ਤੇ ਵਿਸ਼ਵਾਸ ਰੱਖਦੀਆਂ ਹਨ | ਤਿੰਨ ਸਾਲਾਂ ਬਾਅਦ ਇਹ ਵਾਅਦਾ ਬਹਾਨੇ ਅਤੇ ਝੂਠੇ ਭਰੋਸੇ ਹੇਠ ਦੱਬਿਆ ਹੋਇਆ ਹੈ | ਬਾਜਵਾ ਨੇ ਕਿਹਾ ਕਿ ਜਦੋਂ ਵੀ ਔਰਤਾਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਵਚਨਬੱਧਤਾ ਯਾਦ ਦਿਵਾਉਂਦੀਆਂ ਹਨ, ਤਾਂ ਉਹ ਕਿਸੇ ਨਾ ਕਿਸੇ ਬਹਾਨੇ ਇਸ ਮੁੱਦੇ ਨੂੰ ਟਾਲ ਦਿੰਦੇ ਹਨ | ਸੀਨੀਅਰ ਕਾਂਗਰਸੀ ਨੇਤਾ ਨੇ ਦੱਸਿਆ ਕਿ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਮੁਹਿੰਮ ਦੌਰਾਨ ਔਰਤਾਂ ਨੇ ਇਕ ਵਾਰ ਫਿਰ ਮਾਨ ਤੋਂ ਜਵਾਬ ਮੰਗੇ ਸਨ, ਪਰ ਉਨ੍ਹਾਂ ਨੂੰ ਇਕ ਹੋਰ ਖੋਖਲਾ ਭਰੋਸਾ ਦਿੱਤਾ ਗਿਆ ਸੀ ਕਿ ਇਹ ਯੋਜਨਾ ਹੁਣ 2026-27 ਦੇ ਬਜਟ ਸੈਸ਼ਨ ਵਿਚ ਲਾਗੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਇਹ ਐਲਾਨ ਕਰ ਕੇ ਆਪਣੇ ਧੋਖੇ ਨੂੰ ਮਿੱਠਾ ਕਰਨ ਦੀ ਕੋਸ਼ਿਸ ਕੀਤੀ ਸੀ ਕਿ ਮਹੀਨਾਵਾਰ ਰਕਮ 1000 ਰੁਪਏ ਦੀ ਬਜਾਇ 1100 ਰੁਪਏ ਹੋਵੇਗੀ | ਉਨ੍ਹਾਂ ਨੇ ਭਰੋਸੇ ਨਾਲ ਐਲਾਨ ਕੀਤਾ ਕਿ ਇਹ ਯੋਜਨਾ ਚੋਣਾਂ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ | ਹਾਲਾਂਕਿ 2025-26 ਦਾ ਸੂਬਾ ਬਜਟ ਇਸ ਅਖੌਤੀ ਫਲੈਗਸ਼ਿਪ ਸਕੀਮ ਦਾ ਇਕ ਵੀ ਜ਼ਿਕਰ ਕੀਤੇ ਬਿਨਾਂ ਆਇਆ ਅਤੇ ਚਲਾ ਗਿਆ | ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਮੁੱਖ ਮੰਤਰੀ ਸੱਚਮੁੱਚ 2026-27 ਵਿਚ ਆਪਣੇ ਲੰਬੇ ਸਮੇਂ ਤੋਂ ਕੀਤੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਔਰਤਾਂ ਨੂੰ 2022 ਤੱਕ ਦੇ ਬਕਾਏ ਦਾ ਭੁਗਤਾਨ ਵੀ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਅਕਾਲੀ ਦਲ ਦੇ ਵਧ ਰਹੇ ਪ੍ਰਭਾਵ ਤੋਂ 'ਆਪ' ਅਤੇ ਕਾਂਗਰਸ ਪੂਰੀ ਤਰ੍ਹਾਂ ਸਹਿਮੀ- ਸੁਖਬੀਰ <br/> ਅਗਲੀ ਖ਼ਬਰ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਭਾਰੀ ਬਹੁਮਤ ਨਾਲ ਜੇਤੂ ਹੋਣਗੇ-ਕਰਨੈਲ ਸਿੰਘ ਪੀਰ ਮੁਹੰਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।