ਭਿੱਖੀਵਿੰਡ, 4 ਨਵੰਬਰ (ਬੌਬੀ)-ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਅਤੇ ਸਾਬਕਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮਦਨ ਮੋਹਨ ਸਿੰਘ ਮੂਸਾ ਹਲਕਾ ਸ਼ਾਮ ਚੌਰਾਸੀ ਸਾਬਕਾ ਐਸ.ਪੀ. ਤੇ ਕੇਹਰ ਸਿੰਘ ਮੁਗਲਚੱਕ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਸੂਬਾ ਪੰਜਾਬ ਦੀ ਤਰਸਯੋਗ ਹਾਲਤ 'ਤੇ ਡੂੰਘੀਆਂ ਵਿਚਾਰਾਂ ਕੀਤੀਆਂ | ਸੂਬਾ ਡੈਲੀਗੇਟ ਸ਼ਾਮ ਚੌਰਸੀ ਮਦਨ ਮੋਹਨ ਸਿੰਘ ਮੂਸਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਸਮੇਤ ਆਗੂਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਸਰਬ ਸਾਂਝੇ ਜ਼ਿਮਨੀ ਚੋਣ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਲਕਾ ਤਰਨ ਤਰਨ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਕੇ ਜਨਤਾ ਨੂੰ ਸੁਨੇਹਾ ਦਿੱਤਾ ਗਿਆ ਕਿ ਬੀਤੇ 75 ਸਾਲ ਦੇ ਲੰਮੇ ਅਰਸੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਤੁਸੀਂ ਅਜਮਾ ਕੇ ਦੇਖ ਚੁੱਕੇ ਅਤੇ ਹੁਣ ਵੇਲਾ ਕੇ ਪੰਥਕ ਧਿਰਾਂ ਵਲੋਂ ਖੜੇ ਕੀਤੇ ਗਏ ਸਰਬ ਸਾਂਝੀ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਅਤੇ ਵਿਰੋਧੀ ਪਾਰਟੀਆਂ ਨੂੰ ਖਾਲੀ ਹੱਥ ਤੋਰਨ ਲਈ ਦਿਨ-ਰਾਤ ਇਕ ਕਰ ਦੇਈਏ, ਤਾਂ ਜੋ ਨਿਰੋਏ ਪੰਜਾਬ ਦੀ ਸਿਰਜਣਾ ਹੋ ਸਕੇ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਰਿਸ਼ਵਤ ਖੋਰੀ ਅਤੇ ਭਿ੍ਸ਼ਟਾਚਾਰੀ ਨੂੰ ਨੱਥ ਪਾਈ ਜਾ ਸਕੇ | ਸਾਬਕਾ ਐਸ.ਪੀ. ਕੇਹਰ ਸਿੰਘ ਮੁਗਲਚੱਕ ਨੇ ਸਹਾਇਕ ਕਮਿਸ਼ਨਰ ਮਦਨ ਮੋਹਨ ਸਿੰਘ ਮੂਸਾ ਨੂੰ ਜੀ ਆਇਆਂ ਆਖਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |