ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ ਵਿਚ ਤਰਨ ਤਾਰਨ ਹਲਕੇ ਦੇ ਇਕ ਦਰਜਨ ਪਿੰਡਾਂ ਵਿਚ ਇਕ ਵਿਸ਼ਾਲ ਰੋਡ ਸ਼ੋਅ ਕੀਤਾ | 'ਆਪ' ਆਗੂਆਂ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਮਾਨ ਦਾ ਹਜ਼ਾਰਾਂ ਵਸਨੀਕਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਭਗਵੰਤ ਮਾਨ ਨੇ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ, ਕੋਟ ਧਰਮ ਚੰਦ ਕਲਾਂ, ਭੋਜੀਆਂ, ਝਾਮਕੇ ਕਲਾਂ, ਚੱਕ ਸਿਕੰਦਰ ਮੂਸੇ ਕਲਾਂ ਅਤੇ ਛਿਛਰੇਵਾਲ ਆਦਿ ਥਾਵਾਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਅਕਾਲੀ ਦਲ, ਬਾਦਲ ਪਰਿਵਾਰ, ਮਜੀਠੀਆ ਅਤੇ ਕਾਂਗਰਸ 'ਤੇ ਪੰਜਾਬ ਨੂੰ ਲੁੱਟਣ, ਨਸ਼ੇ ਫੈਲਾਉਣ ਤੇ ਨੌਜਵਾਨੀ ਦਾ ਭਵਿੱਖ ਬਰਬਾਦ ਕਰਨ ਦੇ ਦੋਸ਼ ਲਗਾਏ | ਮਾਨ ਨੇ ਕਿਹਾ ਕਿ ਤਰਨ ਤਾਰਨ ਖੇਤਰ ਨੇ ਪਿਛਲੇ ਕਈ ਦਹਾਕਿਆਂ ਦੌਰਾਨ ਬਹੁਤ ਦਰਦ ਝੱਲਿਆ ਹੈ | ਪਿਛਲੇ ਰਾਜਾਂ ਨੇ ਲੋਕਾਂ ਦਾ ਭਲਾ ਕਰਨ ਦੀ ਬਜਾਇ ਆਪਣੇ ਘਰ ਭਰੇ | ਸਕੂਲ, ਕਾਲਜ, ਹਸਪਤਾਲ ਬਣਾਉਣ ਦੀ ਥਾਂ ਉਨ੍ਹਾਂ ਨੇ ਨਸ਼ਿਆਂ ਨੂੰ ਵਧਾਇਆ | ਹੁਣ ਲੋਕਾਂ ਕੋਲ ਮੌਕਾ ਹੈ ਕਿ ਆਪਣੇ ਹੱਕ ਦਾ ਪ੍ਰਤੀਨਿਧੀ ਚੁਣ ਕੇ ਆਪਣਾ ਭਵਿੱਖ ਆਪ ਬਣਾ ਸਕਣ | ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ 56,856 ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਜਾਂ ਸਿਫਾਰਸ਼ਾਂ ਤੋਂ ਦੇ ਚੁੱਕੀ ਹੈ, 600 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕਰ ਰਹੀ ਹੈ, ਕਿਸਾਨਾਂ ਲਈ ਦਿਨ ਵੇਲੇ ਬਿਜਲੀ ਯਕੀਨੀ ਬਣਾਈ ਹੈ ਅਤੇ ਪੰਜਾਬ ਭਰ ਵਿਚ ਸਿੱਖਿਆ ਅਤੇ ਸਿਹਤ ਸੰਭਾਲ ਨੂੰ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ | ਹਰਸਿਮਰਤ ਕਹਿੰਦੀ ਹੈ ਕਿ ਉਨ੍ਹਾਂ ਦੇ ਅਕਾਲੀ ਰਾਜ ਦੌਰਾਨ ਕਿਸੇ ਨੇ ਵੀ 'ਚਿੱਟਾ' ਸ਼ਬਦ ਨਹੀਂ ਸੁਣਿਆ ਸੀ, ਇਹ ਸੱਚ ਹੈ, ਕਿਉਂਕਿ ਉਸ ਸਮੇਂ ਇਸਨੂੰ 'ਮਜੀਠੀਆ' ਕਿਹਾ ਜਾਂਦਾ ਸੀ | ਉਨ੍ਹਾਂ ਲੋਕਾਂ ਨੂੰ ਯਾਦ ਦਿਵਾਇਆ ਕਿ 'ਆਪ' ਸਰਕਾਰ ਨੇ ਮਜੀਠੀਆ ਵਿਰੁੱਧ ਅਦਾਲਤ ਵਿਚ 40,000 ਪੰਨਿਆਂ ਦਾ ਚਲਾਣ ਦਾਇਰ ਕੀਤਾ ਸੀ, ਜਿਸ ਨੇ ਪਾਰਟੀ ਦੇ ਡਰੱਗ ਮਾਫੀਆ ਨਾਲ ਲੜਨ ਦੇ ਦਿ੍ੜ੍ਹ ਇਰਾਦੇ ਨੂੰ ਸਾਬਤ ਕੀਤਾ ਹੈ | ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮੁੱਦਾ ਸਿੱਖਿਆ, ਰੁਜ਼ਗਾਰ ਅਤੇ ਚੰਗੇ ਸ਼ਾਸਨ ਰਾਹੀਂ ਪੰਜਾਬ ਨੂੰ ਸਵੈ-ਨਿਰਭਰ ਅਤੇ ਖੁਸ਼ਹਾਲ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਵਿਦੇਸ਼ ਭੱਜਣ ਦੀ ਜ਼ਰੂਰਤ ਨਹੀਂ ਹੈ | ਮੈਂ ਉਨ੍ਹਾਂ ਦੇ ਹੱਥਾਂ ਤੋਂ ਸਰਿੰਜਾਂ ਖੋਹ ਕੇ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਦੇ ਡੱਬੇ ਦੇਣਾ ਚਾਹੁੰਦਾ ਹਾਂ, ਤਾਂ ਜੋ ਉਹ ਸਵੇਰੇ ਕੰਮ 'ਤੇ ਜਾਣ ਅਤੇ ਸ਼ਾਮ ਨੂੰ ਆਪਣੇ ਪਰਿਵਾਰਾਂ ਕੋਲ ਘਰ ਵਾਪਸ ਆਉਣ | ਉਨ੍ਹਾਂ ਕਿਹਾ ਕਿ ਜਲਦੀ ਹੀ 'ਆਪ' ਸਰਕਾਰ ਸਾਰੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਦੇਣਾ ਸ਼ੁਰੂ ਕਰੇਗੀ | ਉਨ੍ਹਾਂ ਲੋਕਾਂ ਨੂੰ ਤਰਨ ਤਾਰਨ ਦੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੋਟਿੰਗ ਮਸ਼ੀਨ 'ਤੇ ਬਟਨ ਨੰਬਰ 3 ਦਬਾ ਕੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਮਿਲੇ ਭਾਰੀ ਸਮਰਥਨ ਲਈ ਤਰਨ ਤਾਰਨ ਦੇ ਲੋਕਾਂ ਦਾ ਧੰਨਵਾਦ ਕੀਤਾ |