ਚੋਹਲਾ ਸਾਹਿਬ, 6 ਨਵੰਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪਿ੍ੰਸੀਪਲ ਡਾ. ਹਰਮਨਦੀਪ ਸਿੰਘ ਦੀ ਅਗਵਾਈ ਵਿਚ ਧਰਮ ਅਧਿਐਨ ਅਤੇ ਇਤਿਹਾਸ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸੰਬੰਧਿਤ ਵੱਖ-ਵੱਖ ਵਿਦਿਆਰਥੀਆਂ ਵਲੋਂ ਵਿਚਾਰ ਚਰਚਾ ਕੀਤੀ ਗਈ | ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਵਲੋਂ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਇਤਿਹਾਸ 'ਤੇ ਝਾਤ ਪਾਈ ਗਈ | ਜਗਮਨਦੀਪ ਕੌਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਵਲੋਂ ਗੁਰੂ ਸਾਹਿਬ ਦੇ ਸਮਾਜ ਸੁਧਾਰਕ ਦੇ ਪੱਖ 'ਤੇ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਹਰਮਨਪ੍ਰੀਤ ਕੌਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਵਲੋਂ ਗੁਰੂ ਸਾਹਿਬ ਦੇ ਕ੍ਰਾਂਤੀਕਾਰੀ ਪੱਖ ਦੇ ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਧਾਰਮਿਕ ਅਧਿਆਪਕ ਮੈਡਮ ਕਿਰਨਜੀਤ ਕੌਰ ਵਲੋਂ ਗੁਰੂ ਸਾਹਿਬ ਦੀ ਬਾਣੀ ਦੇ ਹਵਾਲੇ ਅਨੁਸਾਰ ਗੁਰੂ ਜੀ ਦੇ ਅਧਿਆਤਮਕ ਪੱਖ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੁਆਰਾ ਦਰਸਾਏ ਮਾਰਗ 'ਤੇ ਚੱਲਦਿਆਂ ਆਪਣਾ ਜੀਵਨ ਗੁਰੂ ਸਿਧਾਂਤਾਂ ਅਨੁਸਾਰ ਬਤੀਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰੋਫੈਸਰ ਰਵਿੰਦਰ ਕੌਰ, ਪ੍ਰੋਫੈਸਰ ਰਣਜੀਤ ਕੌਰ, ਪ੍ਰੋਫੈਸਰ ਪਿੰਕੀ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਪ੍ਰਭਜੀਤ ਕੌਰ ਅਤੇ ਪ੍ਰੋ. ਅੰਮਿ੍ਤਪਾਲ ਕੌਰ ਹਾਜ਼ਰ ਸਨ |