ਲੁਧਿਆਣਾ, 16 ਜੂਨ (ਭੁਪਿੰਦਰ ਸਿੰਘ ਬੈਂਸ)-ਸਾਬਕਾ ਕੇਂਦਰੀ ਵਜ਼ੀਰ ਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਲੁਧਿਆਣਾ ਵਿਧਾਨ ਸਭਾ ਪੱਛਮੀ ਤੋਂ ਜ਼ਿਮਨੀ ਚੋਣ ਲੜ ਰਹੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ ਗਿਆ | ਰੋਡ ਸ਼ੋਅ ਫ਼ਿਰੋਜ਼ਪੁਰ ਰੋਡ ਸਥਿਤ ਭਾਜਪਾ ਦਫ਼ਤਰ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ ਚੌਕ ਵਿਖੇ ਸਮਾਪਤ ਹੋਇਆ | ਰੋੜ ਸ਼ੋਅ ਵਿਚ ਹਲਕਾ ਨਿਵਾਸੀਆਂ ਨੰੂ ਸੰਬੋਧਨ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਾਢੇ ਤਿੰਨ ਸਾਲ ਦੇ ਰਾਜ ਵਿਚ ਸੂਬੇ 'ਚੋਂ ਨਸ਼ਾ ਤੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਵਿਚ ਅਸਫਲ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਰਾਜ ਵਿਚ ਸੂਬੇ ਵਿਚ ਨਸ਼ਾ ਘਟਣ ਦੀ ਬਜਾਏ ਹੋਰ ਵੱਧ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਜੋ ਵਾਅਦੇ ਆਪ ਸਰਕਾਰ ਨੇ ਸੂਬਾ ਵਾਸੀਆਂ ਨਾਲ ਕੀਤੇ ਸਨ, ਉਨ੍ਹਾਂ ਵਾਅਦਿਆਂ ਨੰੂ ਪੂਰਾ ਨਹੀਂ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਦਾ ਇਸ ਜ਼ਿਮਨੀ ਚੋਣ ਨੰੂ ਲੈ ਕੇ ਮੁੱਖ ਨਿਸ਼ਾਨਾ ਆਪ ਸੁਪਰੀਮੋ ਕੇਜਰੀਵਾਲ ਨੰੂ ਰਾਜ ਸਭਾ ਵਿਚ ਭੇਜਣਾ ਹੈ, ਪਰ ਸੂਬੇ ਦੀ ਜਨਤਾ 'ਆਪ' ਦੇ ਝੂਠੇ ਵਾਅਦਿਆਂ ਤੋਂ ਜਾਣੂ ਹੋ ਚੁੱਕੀ ਹੈ ਤੇ ਉਹ ਪਹਿਲਾਂ ਉਕਤ ਜ਼ਿਮਨੀ ਚੋਣ 'ਚੋ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੰੂ ਜਿਤਾ ਕੇ, ਫਿਰ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਾ ਕੇ 'ਆਪ' ਦਾ ਸੂਬੇ ਵਿਚ ਬੋਰੀਆਂ ਬਿਸਤਰ ਗੋਲ ਕਰ ਦੇਵੇਗੀ | ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋ ਮੁੱਖ ਮੰਤਰੀ ਜ਼ਮੀਨ 'ਤੇ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਹਨ | ਉਹ ਬੱਸ ਟੀਵੀ ਉਤੇ ਹੀ ਨਜ਼ਰ ਆ ਰਹੇ ਹਨ | ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਉਕਤ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਪ੍ਰਧਾਨ ਤੇ ਵਿਧਾਨ ਸਭਾ ਦੇ ਆਗੂ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਹਨ, ਜਿਨ੍ਹਾਂ ਨੰੂ ਲੁਧਿਆਣਾ ਪੱਛਮੀ ਦੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵਲੋਂ ਆਪਣੇ ਹਲਕੇ ਵਿਚ ਚੋਣ ਪ੍ਰਚਾਰ ਕਰਨ ਲਈ ਨਹੀਂ ਆਉਣ ਦਿੱਤਾ ਗਿਆ | ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਨੇ ਸੂਬੇ ਵਿਚ ਸਰਕਾਰ ਬਣਨ 'ਤੇ ਪਹਿਲਾ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ 'ਤੇ ਸੂਬੇ ਵਿਚ ਨਸ਼ਾ ਤੇ ਭਿ੍ਸ਼ਟਾਚਾਰ ਨੰੂ ਖ਼ਤਮ ਕਰ ਦੇਵੇਗੀ | ਉਨ੍ਹਾਂ ਕਿਹਾ ਕਿ ਆਪ ਦੇ ਵਜ਼ੀਰਾਂ ਵਲੋਂ ਹੀ ਸੂਬੇ ਵਿਚ ਭਿ੍ਸ਼ਟਾਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਕਿਹਾ ਕਿ ਹਲਕਾ ਨਿਵਾਸੀਆਂ ਤੋ ਉਨ੍ਹਾਂ ਨੰੂ ਮਿਲ ਰਹੇ ਸਮਰਥਨ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਉਨ੍ਹਾਂ ਨੰੂ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਦਾ ਮਨ ਬਣਾਈ ਬੈਠੇ ਹਨ | ਇਸ ਮੌਕੇ ਅਵਿਨਾਸ਼ ਰਾਏ ਖੰਨਾ, ਡਾ. ਨਰਿੰਦਰ ਸਿੰਘ ਰੈਣਾ, ਕੇ.ਡੀ.ਭੰਡਾਰੀ, ਸ਼੍ਰੀਨਿਵਾਸਲੂ, ਅਨਿਲ ਸਰੀਨ, ਗੁਰਦੇਵ ਸ਼ਰਮਾ ਦੇਬੀ, ਰਜਨੀਸ਼ ਧੀਮਾਨ, ਨਰਿੰਦਰ ਸਿੰਘ ਮੱਲ੍ਹੀ,ਪੁਸ਼ਪਿੰਦਰ ਸਿੰਗਲ, ਪ੍ਰਵੀਨ ਬਾਂਸਲ, ਗੁਰਦੀਪ ਸਿੰਘ ਨੀਟੂ, ਅਮਰਜੀਤ ਸਿੰਘ ਟਿੱਕਾ, ਕੰਵਰਨਰਿੰਦਰ ਸਿੰਘ, ਗੁਰਦੀਪ ਸਿੰਘ ਗੋਸ਼ਾ, ਨਵਲ ਜੈਨ ਆਦਿ ਮੌਜੂਦ ਸਨ |
ਅਨੁਰਾਗ ਠਾਕੁਰ ਨੇ ਜੀਵਨ ਗੁਪਤਾ ਦੇ ਹੱਕ 'ਚ ਕੱਢਿਆ ਰੋਡ ਸ਼ੋਅ <br/>
ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ 'ਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ 'ਚ ਕੱਢੇ ਸ਼ੋਅ ਦੌਰਾਨ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਵਜ਼ੀਰ ਤੇ ਸੰਸਦ ਮੈਂਬਰ ਅਨੁਰਾਗ ਠਾਕੁਰ, ਨਾਲ ਮੌਜੂਦ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਜੀਵਨ ਗੁਪਤਾ | ਤਸਵੀਰ-ਸੇਵਕ ਸਿੰਘ<br/>
17-06-2025