ਲੁਧਿਆਣਾ, 16 ਜੂਨ (ਭੁਪਿੰਦਰ ਸਿੰਘ ਬੈਂਸ)-ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਡਾ. ਟੀਨਾ ਤੇ ਜਨਰਲ ਸਕੱਤਰ ਅਜੇ ਸ਼ਰਮਾ ਵਲੋਂ ਸੂਬਾ ਸਰਕਾਰ ਵਲੋਂ ਮੈਰੀਟੋਰੀਅਸ ਸਕੂਲਾਂ ਦੇ ਚੰਗੇ ਨਤੀਜੇ ਆਉਣ 'ਤੇ ਵੀ ਅਧਿਆਪਕਾਂ ਨੰੂ ਪੱਕਾ ਨਾ ਕਰਨ 'ਤੇ ਰੋਸ ਪ੍ਰਗਟ ਕੀਤਾ ਗਿਆ | ਡਾ. ਟੀਨਾ ਤੇ ਅਜੇ ਸ਼ਰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਨੀਟ ਯੂ.ਜੀ. ਦੀ ਪ੍ਰੀਖਿਆ ਦੇ ਬੀਤੇ ਦਿਨੀਂ ਆਏ ਨਤੀਜੇ ਵਿਚੋਂ ਸੂਬੇ ਦੇ ਮੈਰੀਟੋਰੀਅਸ ਸਕੂਲਾਂ ਦੇ 213 ਵਿਦਿਆਰਥੀਆਂ ਨੇ ਚੰਗੇ ਰੈਂਕ ਪ੍ਰਾਪਤ ਕੀਤੇ ਹਨ | ਉਨ੍ਹਾਂ ਕਿਹਾ ਕਿ ਉਕਤ ਸਕੂਲਾਂ ਦੇ ਚੰਗੇ ਨਤੀਜੇ ਆਉਣ ਵਿਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦਾ ਵੱਡਾ ਰੋਲ ਹੈ | ਅਜਿਹੇ ਸ਼ਾਨਦਾਰ ਨਤੀਜੇ ਦੇ ਰਹੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ, ਜੋ ਲਗਭਗ 11 ਸਾਲਾਂ ਤੋਂ ਕੱਚੇ ਹੋਣ ਦਾ ਸੰਤਾਪ ਭੋਗ ਰਹੇ ਹਨ, ਨਾਲ ਸਿੱਖਿਆ ਦੇ ਨਾਂਅ 'ਤੇ ਸੱਤਾ 'ਚ ਆਈ ਸੂਬਾ ਸਰਕਾਰ ਨੂੰ ਇਨਸਾਫ਼ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਅਧਿਆਪਕਾਂ ਨੰੂ ਪੱਕਾ ਕਰਨਾ ਚਾਹੀਦਾ ਹੈ |