ਪੰਜਾਬ ਦੇ ਵਿਕਾਸ ਨਾਲ ਵਿਰੋਧੀਆਂ ਦਾ ਨਹੀਂ ਕੋਈ ਵਾਸਤਾ-ਹਰਚੰਦ ਸਿੰਘ ਬਰਸਟ <br/>
ਅਜੀਤ ਡੈਸਕ
18-06-2025
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵਿਰੋਧੀਆਂ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਸਿਰਫ਼ ਤੇ ਸਿਰਫ਼ ਸੱਤਾ ਦਾ ਲਾਲਚ ਹੈ | ਸੱਤਾ ਹਾਸਲ ਕਰਨ ਲਈ ਵਿਰੋਧੀਆਂ ਵਲੋਂ ਲਗਾਤਾਰ ਬੇਬੁਨਿਆਦ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਦਕਿ ਇਨ੍ਹਾਂ ਦਾ ਪੰਜਾਬ ਦੇ ਵਿਕਾਸ ਅਤੇ ਤਰੱਕੀ ਨਾਲ ਕੋਈ ਵਾਸਤਾ ਨਹੀਂ ਹੈ | ਇਹ ਕੇਵਲ ਆਪਣੇ ਨਿੱਜੀ ਹਿਤਾਂ ਨੂੰ ਪੂਰਾ ਕਰਨ ਲਈ ਗੁਮਰਾਹਕੁੰਨ ਬਿਆਨ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੇ ਅਸਲ ਚਿਹਰਿਆਂ ਨੂੰ ਪਹਿਚਾਣ ਚੁੱਕੇ ਹਨ ਅਤੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਵੱਡੇ ਅੰਤਰ ਨਾਲ ਜਿਤਾਉਣਗੇ |