ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ ਵਲੋਂ ਸ਼ਹਿਰ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਦਿੱਲੀ ਦੀ ਵਿਧਾਇਕ ਸ਼ਿਖਾ ਰਾਏ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸ਼ਿਖਾ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੇ ਸਾਢੇ ਤਿੰਨ ਸਾਲ ਦੇ ਰਾਜ ਵਿਚ ਕੁੱਝ ਵੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜੋ ਆਪ ਸਰਕਾਰ ਨੇ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸੀ | ਉਨ੍ਹਾਂ ਵਾਅਦਿਆਂ ਨੰੂ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਸੂਬਾ ਵਾਸੀ 'ਆਪ' ਆਗੂਆਂ ਦੇ ਝੂਠੇ ਵਾਅਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਹਨ ਤੇ ਉਹ 2027 ਵਿਚ ਹੋਣ ਵਾਲਿਆਂ ਵਿਧਾਨਸਭਾ ਚੋਣਾਂ ਵਿਚ ਭਾਜਪਾ ਦੇ ਹੱਥ ਸੂਬੇ ਦੀ ਕਮਾਨ ਸੰਭਾਲਣ ਦੀ ਤਿਆਰੀ ਵਿਚ ਹਨ | ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਹਲਕਾ ਪੱਛਮੀ ਤੋ ਜਿੱਤ 2027 ਵਿਚ ਹੋਣ ਵਾਲਿਆਂ ਵਿਧਾਨਸਭਾ ਚੋਣਾਂ ਵਿਚ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ਦੀ ਨੀਂਹ ਰੱਖੇਗੀ | ਇਸ ਮੌਕੇ ਸੁਖਬਿੰਦਰ ਸਿੰਘ ਬਿੰਦਰਾ ਵਲੋਂ ਸ਼ਿਖਾ ਰਾਏ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ |