ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਵਿਧਾਨ ਸਭਾ ਹਲਕਾ ਪੱਛਮੀ ਦੀ 19 ਜੂਨ ਨੰੂ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਹਲਕੇ ਅੰਦਰ ਚੋਣ ਰੈਲੀ ਕੀਤੀਆਂ ਗਈਆਂ ਤੇ ਉਨ੍ਹਾਂ ਵਲੋਂ ਹਲਕਾ ਦੇ ਵੋਟਰਾਂ ਤੋਂ ਜੀਵਨ ਗੁਪਤਾ ਨੰੂ ਜੇਤੂ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਰੇਖਾ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਨਮ ਦਿਲੀ ਵਿਚ ਹੋਇਆ ਸੀ ਅਤੇ ਇਸਦੀ ਪਹਿਲੀ ਜਿੱਤ ਵੀ ਦਿੱਲੀ ਵਿਚ ਹੋਈ ਸੀ | 'ਆਪ' 2013 ਤੋਂ ਲਗਾਤਾਰ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਰਹੀ ਸੀ, ਪਰ 2025 ਵਿਚ ਇਸਦਾ ਜਿੱਤ ਰੱਥ ਰੁਕ ਗਿਆ ਕਿਉਂਕਿ ਦਿੱਲੀ ਦੇ ਲੋਕਾਂ ਨੂੰ 'ਆਪ' ਦੀ ਅਸਲੀਅਤ ਪਤਾ ਲੱਗ ਗਈ ਸੀ ਕਿ ਇਹ ਸਰਕਾਰ ਕਹਿੰਦੀ ਕੁੱਝ ਹੈ ਅਤੇ ਕਰਦੀ ਕੁੱਝ ਹੋਰ ਹੈ | ਉਨ੍ਹਾਂ ਅੱਗੇ ਕਿਹਾ ਕਿ 2022 ਵਿਚ ਕਾਂਗਰਸ ਦੀਆਂ ਨੀਤੀਆਂ ਤੋਂ ਨਾਖ਼ੁਸ਼ ਪੰਜਾਬ ਦੇ ਲੋਕਾਂ ਨੇ 'ਆਪ' ਸਰਕਾਰ ਨੂੰ ਚੁਣਿਆ, ਪਰ ਸਾਢੇ ਤਿੰਨ ਸਾਲਾਂ ਵਿਚ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ 'ਆਪ' ਆਗੂਆਂ ਦੀ ਅਸਲੀਅਤ ਦਾ ਪਤਾ ਲੱਗ ਗਿਆ | ਅੱਜ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਨੋਸਖੀਆਂ ਦੀ ਸਰਕਾਰ ਹੈ | ਇਸ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫ਼ਰਕ ਹੈ | ਰੇਖਾ ਗੁਪਤਾ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਜੀਵਨ ਗੁਪਤਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੀਵਨ ਗੁਪਤਾ ਨੂੰ ਜਿੱਤ ਦਿਵਾਓ, ਭਾਜਪਾ ਲੁਧਿਆਣਾ ਪੱਛਮੀ ਦਾ ਵਿਕਾਸ ਕਰੇਗੀ ਤੇ ਇਸ ਨੰੂ ਇਕ ਮਾਡਲ ਹਲਕਾ ਬਣਾਏਗੀ | ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ, ਜਨਰਲ ਸਕੱਤਰ ਅਨਿਲ ਸਰੀਨ, , ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਵੀ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਤੀਕਸ਼ਨ ਸੂਦ, ਕੇ.ਡੀ. ਭੰਡਾਰੀ, ਨਰਿੰਦਰ ਸਿੰਘ ਮੱਲ੍ਹੀ, ਸੰਜੇ ਗੋਸਾਈਾ, ਮਹੇਸ਼ ਸ਼ਰਮਾ, ਜ਼ਿਲ੍ਹਾ ਭਾਜਪਾ ਮਹਿਲਾ ਪ੍ਰਧਾਨ ਸ਼ੀਨੂ ਚੁੱਘ ਤੇ ਹੋਰ ਹਾਜ਼ਰ ਸਨ |