ਲੁਧਿਆਣਾ, 17 ਜੂਨ (ਜਗਮੀਤ ਸਿੰਘ)-ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਸਿਖ਼ਰਾਂ 'ਤੇ ਪਹੁੰਚਿਆ ਹੋਇਆ ਹੈ | ਵੋਟਰਾਂ ਨਾਲ ਵੱਡੇ-ਵੱਡੇ ਵਾਅਦੇ ਤਾਂ ਕੀਤੇ ਜਾ ਰਹੇ ਹਨ, ਪਰ ਲੁਧਿਆਣੇ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਸਭ ਤੋਂ ਅਹਿਮ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮੁੱਦਾ ਚੋਣ ਪ੍ਰਚਾਰ ਵਿਚੋਂ ਗ਼ਾਇਬ ਹੈ? ਬੁੱਢੇ ਦਰਿਆਂ ਦੇ ਪ੍ਰਦੂਸ਼ਣ ਬਾਰੇ ਨਾ ਸੱਤਾਧਾਰੀ ਧਿਰ ਤੇ ਨਾ ਹੀ ਵਿਰੋਧੀ ਪਾਰਟੀਆਂ ਬੋਲ ਰਹੀਆਂ ਹਨ | ਸਾਲ 2018 ਵਿਚ ਜਦੋਂ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੌਰਾਨ ਇਕ ਖੰਡ ਮਿੱਲ ਦਾ ਸੀਰਾ ਬਿਆਸ ਦਰਿਆ ਵਿਚ ਪੈਣ ਕਾਰਨ ਜਲਚਰ ਜੀਵ ਤੇ ਖ਼ਾਸ ਕਰਕੇ ਵੱਡੀਆਂ-ਵੱਡੀਆਂ ਮੱਛੀਆਂ ਮਰ ਗਈਆਂ ਸਨ ਤਾਂ ਸ਼ਾਹਕੋਟ ਜ਼ਿਮਨੀ ਚੋਣ ਦਾ ਮੂੰਹ ਮੁਹਾਂਦਰਾ ਹੀ ਬਦਲ ਗਿਆ ਸੀ | ਬੁੱਢਾ ਦਰਿਆ 14 ਕਿੱਲੋਮੀਟਰ ਤੱਕ ਲੁਧਿਆਣਾ ਸ਼ਹਿਰ ਵਿਚੋਂ ਦੀ ਹੋ ਕੇ ਲੰਘਦਾ ਹੈ | ਸ਼ਹਿਰ ਵਿਚੋਂ ਹੀ ਬੁੱਢੇ ਦਰਿਆ ਵਿਚ ਸਭ ਤੋਂ ਵੱਧ ਜ਼ਹਿਰੀਲਾ ਤੇ ਗੰਦਾ ਪਾਣੀ ਪੈ ਰਿਹਾ ਹੈ | ਬੁੱਢੇ ਦਰਿਆ ਨੂੰ ਤਿੰਨ ਧਿਰਾਂ ਸਭ ਤੋਂ ਵੱਧ ਗੰਦਾ ਕਰਨ ਵਿਚ ਆਪਣੀ ਭੂਮਿਕਾ ਨਿਭਾਅ ਰਹੀਆਂ ਹਨ | ਇਨ੍ਹਾਂ ਵਿਚ ਰੰਗਾਈ ਫ਼ੈਕਟਰੀਆਂ, ਡੇਅਰੀਆਂ ਅਤੇ ਨਗਰ ਨਿਗਮ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਪੈ ਰਿਹਾ ਹੈ | ਇਸ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਵੀ ਤਿੰਨ ਧਿਰਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਡਰੇਨਜ਼ ਵਿਭਾਗ ਅਤੇ ਨਗਰ ਨਿਗਮ ਵੀ ਹਨ, ਪਰ ਤਿੰਨੋਂ ਧਿਰਾਂ ਵਿਚੋਂ ਕਿਸੇ ਇਕ ਨੇ ਵੀ ਆਪਣੀ ਬਣਦੀ ਜ਼ੰੁਮੇਵਾਰੀ ਨਹੀਂ ਨਿਭਾਈ | ਨਾਮਵਰ ਕਵੀ ਗੁਰਭਜਨ ਸਿੰਘ ਗਿੱਲ ਨੇ ਲੁਧਿਆਣਾ ਪੱਛਮੀ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਇਕ 7 ਨੁਕਾਤੀ ਏਜੰਡਾ ਭੇਜਿਆਂ ਹੈ, ਜਿਸ 'ਤੇ ਕੰਮ ਕਰਨ ਦੀ ਸਲਾਹ ਦਿੱਤੀ ਗਈ | ਗੁਰਭਜਨ ਸਿੰਘ ਗਿੱਲ ਨੇ ਹੈਰਾਨੀ ਪ੍ਰਗਟਾਈ ਹੈ ਕਿ ਬੁੱਢੇ ਦਰਿਆ ਨੂੰ ਸਾਰੀਆਂ ਰਾਜਸੀ ਧਿਰਾਂ ਨੇ ਆਪਣੇ ਮੁੱਦਿਆਂ ਵਿਚੋਂ ਹੀ ਗ਼ਾਇਬ ਕਰ ਦਿੱਤਾ ਹੈ | ਜਦਕਿ ਬੁੱਢਾ ਦਰਿਆ ਕਦੇ ਲੁਧਿਆਣਾ ਸ਼ਹਿਰ ਦੀ ਜੀਅ ਜਾਨ ਹੋਇਆ ਕਰਦਾ ਸੀ ਤੇ ਹੁਣ ਇਹ ਜੀਅ ਦਾ ਜੰਜਾਲ ਬਣ ਗਿਆ ਹੈ | ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਚਲਾਈ ਜਾ ਰਹੀ ਮੁਹਿੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਦੇ ਏਜੰਡੇ 'ਤੇ ਬੁੱਢਾ ਦਰਿਆ ਆਉਣ ਨਾਲ ਇਸ ਦੇ ਸਾਫ਼ ਹੋਣ ਦੀ ਉਮੀਦ ਬੱਝੀ ਹੈ | ਪਿੰਡ ਭੂਖੜੀ ਦੇ ਸਰਪੰਚ ਤੇ ਕਿਸਾਨ ਆਗੂ ਸਤਪਾਲ ਸਿੰਘ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜ ਰਹੀਆਂ ਰਾਜਨੀਤਿਕ ਪਾਰਟੀਆਂ ਵਿਚੋਂ ਕਿਸੇ ਨੇ ਵੀ ਬੁੱਢੇ ਦਰਿਆ ਨੂੰ ਚੋਣ ਮੁੱਦਾ ਨਾ ਬਣਾਉਣਾ ਬਹੁਤ ਮੰਦਭਾਗਾ ਹੈ | ਵਾਤਾਵਰਨ ਪ੍ਰੇਮੀਆਂ ਨੇ ਦੋਸ਼ ਲਾਇਆ ਕਿ ਬੁੱਢੇ ਦਰਿਆ ਨੂੰ ਪਲੀਤ ਕਰਨ ਵਾਲੀਆਂ ਧਿਰਾਂ ਪਾਰਟੀ ਫ਼ੰਡ ਦੇ ਨਾਂਅ 'ਤੇ ਮੋਟਾ ਚੜ੍ਹਾਵਾਂ ਚੜ੍ਹਾ ਰਹੀਆਂ ਹਨ, ਜਿਸ ਕਾਰਨ ਸਾਰੀਆਂ ਰਾਜਨੀਤਿਕ ਧਿਰਾਂ ਬੁੱਢਾ ਦਰਿਆ ਪ੍ਰਦੂਸ਼ਣ ਬਾਰੇ ਗੱਲ ਕਰਨ ਤੋਂ ਕੰਨ੍ਹੀ ਕਰ ਰਹੀਆਂ ਹਨ |