ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ 19 ਜੂਨ ਵੀਰਵਾਰ ਨੂੰ ਪੈਣ ਜਾ ਰਹੀਆਂ ਹਨ, ਪਰ ਇਸ ਤੋਂ ਪਹਿਲਾਂ ਬੁੱਧਵਾਰ ਦਾ ਪੂਰਾ ਦਿਨ ਹਲਕਾ ਪੱਛਮੀ ਦੇ ਵੱਖ-ਵੱਖ ਇਲਾਕਿਆਂ 'ਚ ਰਾਸ਼ਨ, ਕੱਪੜੇ, ਅਤੇ ਹੋਰ ਸਮਾਨ ਵੰਡਣ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਕ ਦੂਸਰੇ ਖ਼ਿਲਾਫ਼ ਦੋਸ਼ ਲਗਾਉਂਦੀਆਂ ਰਹੀਆਂ | ਕੁੱਝ ਇਲਾਕਿਆਂ 'ਚ ਰਾਸ਼ਨ ਕਿੱਟਾਂ ਅਤੇ ਰਾਸ਼ਨ ਵੰਡਦੀਆਂ ਗੱਡੀਆਂ ਵੀ ਫੜਨ ਦੇ ਮਾਮਲੇ ਸਾਹਮਣੇ, ਜਿਨ੍ਹਾਂ ਦੀ ਤਸਦੀਕ ਕਰਨ 'ਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਸਨ | ਇਸ ਦੌਰਾਨ ਹਲਕੇ ਅਧੀਨ ਆਉਂਦੇ ਵਾਰਡ ਨੰਬਰ 57 'ਚ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਾਲੇ ਵੀ ਤਕਰਾਰ ਹੋਣ ਦਾ ਮਾਮਲੇ ਸਾਹਮਣੇ ਆਇਆ | ਮੌਕੇ 'ਤੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਾਰਡ 'ਚ ਇਕ ਗੱਡੀ 'ਚ ਕਥਿਤ ਤੌਰ 'ਤੇ ਰਾਸ਼ਨ ਵੰਡਿਆ ਜਾ ਰਿਹਾ ਸੀ | ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਰਾਸ਼ਨ ਵੰਡਣ ਵਾਲੇ ਉਨ੍ਹਾਂ ਦੇ ਨਾਲ ਉਲਝ ਗਏ ਅਤੇ ਉਨ੍ਹਾਂ ਦੇ ਇਕ ਸਾਥੀ ਦੀ ਸਕਾਰਪੀਓ ਗੱਡੀ ਦੀ ਚਾਬੀ ਕੁੱਝ ਨੌਜਵਾਨ ਕਥਿਤ ਰੂਪ ਨਾਲ ਖੋਹ ਕੇ ਗੱਡੀ ਭਜਾ ਲੈ ਗਏ | ਐਡਵੋਕੇਟ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਐਸ.ਐਚ.ਓ. ਅਤੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ | ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਨੂੰ ਸ਼ਰੇਆਮ ਰਾਸ਼ਨ, ਕੱਪੜੇ ਅਤੇ ਨਸ਼ੇ ਆਦਿ ਸ਼ਰੇਆਮ ਵੰਡੇ ਜਾ ਰਹੇ ਹਨ, ਜਿਸ ਨੰੂ ਲੈ ਕੇ ਉਨ੍ਹਾਂ ਵਲੋਂ ਲਗਾਤਾਰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ |