ਜਵਾਹਰ ਨਗਰ ਕੈਂਪ 'ਚ ਕਾਂਗਰਸ ਉਮੀਦਵਾਰ ਆਸ਼ੂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ
ਜਵਾਹਰ ਨਗਰ ਕੈਂਪ 'ਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਐਸ.ਐਚ.ਓ. ਵਿਚਾਲੇ ਹੋਈ ਝੜਪ ਦੀ ਤਸਵੀਰ | (ਸੱਜੇ) ਜਵਾਹਰ ਨਗਰ 'ਚ ਹੋਇਆ ਲੋਕਾਂ ਦਾ ਭਾਰੀ ਇਕੱਠ ਅਤੇ ਮੌਜੂਦ ਪੁਲਿਸ ਅਧਿਕਾਰੀ | ਅਜੀਤ ਤਸਵੀਰਾਂ
<br/>
19-06-2025
ਲੁਧਿਆਣਾ, 18 ਜੂਨ (ਜਤਿੰਦਰ ਭੰਬੀ)-ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਅੱਜ ਜਵਾਹਰ ਨਗਰ ਇਲਾਕੇ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ | ਜਾਣਕਾਰੀ ਅਨੁਸਾਰ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਇਕ ਕਾਂਗਰਸ ਸਮਰਥਕ ਨੌਜਵਾਨ ਨੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਕੁਝ ਨੌਜਵਾਨਾਂ ਵਲੋਂ ਕਥਿਤ ਰੂਪ ਨਾਲ ਰਾਸ਼ਨ ਵੰਡਣ ਨੂੰ ਲੈ ਕੇ ਇਸ ਦੀ ਸ਼ਿਕਾਇਤ ਪੁਲਿਸ ਅਤੇ ਚੋਣ ਕਮਿਸ਼ਨ ਨੂੰ ਕੀਤੀ ਅਤੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵੀ ਇਸਦੀ ਜਾਣਕਾਰੀ ਦਿੱਤੀ | ਮੌਕੇ 'ਤੇ ਪਹੁੰਚੀ ਪੁਲਿਸ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਕਥਿਤ ਬਹਿਸ਼ ਹੋ ਗਈ | ਉਦੋਂ ਤੱਕ ਕਾਂਗਰਸ ਉਮੀਦਵਾਰ ਆਸ਼ੂ ਵੀ ਮੌਕੇ 'ਤੇ ਪੁੱਜ ਗਏ, ਜਿਥੇ ਉਨ੍ਹਾਂ ਦੀ ਐਸ.ਐਚ.ਓ. ਨਾਲ ਜ਼ਬਰਦਸਤ ਝੜਪ ਹੋ ਗਈ ਅਤੇ ਦੋਵਾਂ ਵਿਚਾਲੇ ਜੰਮਕੇ ਧੱਕਾ ਮੁੱਕੀ ਹੋਈ | ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਇਕ ਵੀਡਿਓ ਰਿਕਾਰਿੰਗ ਵੀ ਤੇਜ਼ੀ ਨਾਲ ਵਾਇਰਲ ਹੋ ਗਈ | ਜਵਾਹਰ ਨਗਰ 'ਚ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਅਤੇ ਕੁਝ ਦੇਰ ਬਾਅਦ ਮਾਹੌਲ ਸ਼ਾਂਤ ਹੋ ਗਿਆ |
ਪੁਲਿਸ ਕਰ ਰਹੀ ਗੁੰਡਾਗਰਦੀ, ਕਾਂਗਰਸ ਸਮਰਥਕਾਂ ਨੂੰ ਡਰਾਉਣ ਦੀ ਕੋਸ਼ਿਸ਼-ਆਸ਼ੂ
ਇਸ ਘਟਨਾ ਦੇ ਬਾਅਦ ਆਸ਼ੂ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਸਥਾਨਕ ਜਵਾਹਰ ਨਗਰ ਕੈਂਪ ਵਿਚ ਰਾਸ਼ਨ ਕਿੱਟ ਲੈ ਕੇ ਜਾ ਰਹੀ ਇੱਕ ਐਕਟਿਵਾ ਨੂੰ ਰੋਕਿਆ ਗਿਆ ਅਤੇ ਜਦੋਂ ਉਨ੍ਹਾਂ ਨੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਤਾਂ ਐਕਟਿਵਾ ਸਵਾਰ ਸਕੂਟਰ ਛੱਡ ਕੇ ਭੱਜ ਗਿਆ | ਕਾਂਗਰਸੀ ਵਰਕਰਾਂ ਨੇ ਚੋਣ ਕਮਿਸ਼ਨ ਅਤੇ ਪੁਲਿਸ ਨੂੰ ਮੌਕੇ 'ਤੇ ਸ਼ਿਕਾਇਤ ਕੀਤੀ | ਰਾਸ਼ਨ ਵੰਡਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਪੁਲਿਸ ਨੇ ਸ਼ਿਕਾਇਤਕਰਤਾ ਕਾਂਗਰਸੀ ਵਰਕਰ ਲੱਖਣ ਭਗਤ ਨੂੰ ਘਸੀਟ ਕੇ ਹਿਰਾਸਤ ਵਿਚ ਲੈ ਲਿਆ | ਭਾਰਤ ਭੂਸ਼ਣ ਆਸ਼ੂ ਨੇ ਪੁਲਿਸ 'ਤੇ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਗੁੰਡਿਆਂ ਵਜੋਂ ਕੰਮ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਵਿਰੋਧ ਕਾਰਨ ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਵਰਕਰ ਨੂੰ ਛੱਡ ਦੇਣਾ ਹੀ ਬਿਹਤਰ ਸਮਝਿਆ | ਨਿਰਾਸ਼ ਚਿਹਰਿਆਂ ਵਾਲੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਕਾਂਗਰਸੀ ਵਰਕਰ ਵਿਰੁੱਧ ਕੇਸ ਦਰਜ ਨਹੀਂ ਕਰਨਗੇ ਅਤੇ ਚਲੇ ਗਏ | ਆਸ਼ੂ ਨੇ ਪੁਲਿਸ ਖਿਲਾਫ ਗੁੰਡਾਗਰਦੀ ਅਤੇ ਕਾਂਗਰਸ ਸਮਰਥਕਾਂ ਨੂੰ ਡਰਾਉਣ ਦੇ ਗੰਭੀਰ ਦੋਸ਼ ਲਗਾਏ |