ਲੁਧਿਆਣਾ, 19 ਜੂਨ (ਭੁਪਿੰਦਰ ਸਿੰਘ ਬੈਂਸ)-ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਦੇ ਪ੍ਰਬੰਧਾਂ ਨੰੂ ਬਿਹਤਰ ਬਣਾਉਣ ਲਈ ਸੁੱਤਾ ਪਿਆ ਨਗਰ ਨਿਗਮ ਪ੍ਰਸ਼ਾਸਨ ਜਾਗ ਪਿਆ ਹੈ | ਇਸ ਵਲੋਂ ਬਰਸਾਤੀ ਮੌਸਮ 'ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੰੂ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਜ਼ਮੀਨੀ ਸਟਾਫ਼ ਨੂੰ ਇਸ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ, ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ, ਜਿਸ ਵਿਚ ਸਟਾਫ਼ ਨੂੰ 'ਬੁੱਢੇ ਦਰਿਆ' ਦੀ ਨਿਯਮਤ ਸਫਾਈ/ਗਾਰ ਕੱਢਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਅਧਿਕਾਰੀਆਂ ਨੇ ਦੱਸਿਆ ਕਿ ਪੋਕਲੇਨ ਮਸ਼ੀਨਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਗਾਰ ਕੱਢਣ ਦਾ ਕੰਮ ਨਿਯਮਤ ਤੌਰ 'ਤੇ ਚੱਲ ਰਿਹਾ ਹੈ | ਮੀਟਿੰਗ ਵਿਚ ਮੁੱਖ ਇੰਜੀਨੀਅਰ ਰਵਿੰਦਰ ਗਰਗ, ਕਾਰਜਕਾਰੀ ਇੰਜੀਨੀਅਰ ਏਕਜੋਤ ਸਿੰਘ, ਕਾਰਜਕਾਰੀ ਇੰਜੀਨੀਅਰ ਪਰਸ਼ੋਤਮ ਸਿੰਘ ਸਮੇਤ ਸੰਚਾਲਨ ਅਤੇ ਰੱਖ-ਰਖਾਅ (ਓ.ਐਂਡ.ਐਮ) ਸੈੱਲ ਦੇ ਹੋਰ ਐਸ.ਡੀ.ਓਜ਼ ਮੌਜੂਦ ਸਨ | 'ਬੁੱਢੇ ਦਰਿਆ' ਤੋਂ ਇਲਾਵਾ, ਸ਼ਹਿਰ ਦੇ ਅੰਦਰੂਨੀ ਨਾਲਿਆਂ/ਰੋਡ ਜਾਲੀਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿਚ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਸ਼ਿੰਗਾਰ ਸਿਨੇਮਾ ਰੋਡ ਤੱਕ ਨਾਲਾ, ਢੋਕਾਂ ਮੁਹੱਲਾ, ਧਰਮਪੁਰਾ, ਕਿਤਾਬ ਬਾਜ਼ਾਰ, ਦੋਮੋਰੀਆ ਪੁਲ, ਬਾੜੇਵਾਲ ਨਾਲਾ ਆਦਿ ਸ਼ਾਮਲ ਹਨ | ਫੀਲਡ ਸਟਾਫ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਭਰ ਦੀਆਂ ਰੋਡ ਜਾਲੀਆਂ ਨੂੰ ਮਾਨਸੂਨ ਆਉਣ ਤੋਂ ਪਹਿਲਾਂ ਸਾਫ਼ ਕੀਤਾ ਜਾਵੇ | ਫੀਲਡ ਸਟਾਫ ਨੂੰ ਉੱਚ ਅਧਿਕਾਰੀਆਂ ਕੋਲ ਇਸ ਸੰਬੰਧੀ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੇ ਪੰਪਿੰਗ ਸਟੇਸ਼ਨਾਂ 'ਤੇ ਜਨਰੇਟਰ ਸੈੱਟ ਲਗਾਏ ਜਾਣ, ਤਾਂ ਜੋ ਬਿਜਲੀ ਬੰਦ ਹੋਣ ਦੀ ਸਥਿਤੀ ਵਿਚ ਮੀਂਹ ਦੇ ਪਾਣੀ ਨੂੰ ਕੱਢਣ ਵਿਚ ਕੋਈ ਦੇਰੀ ਨਾ ਹੋਵੇ | ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪੱਖੋਵਾਲ ਰੋਡ ਆਰ.ਯੂ.ਬੀ., ਲੋਧੀ ਕਲੱਬ ਨੇੜੇ ਅੰਡਰਪਾਸ, ਦੋਮੋਰੀਆ ਪੁਲ ਆਦਿ ਸਮੇਤ ਰੇਲਵੇ ਅੰਡਰਬਿ੍ਜਾਂ (ਆਰ.ਯੂ.ਬੀ.) 'ਤੇ ਪਾਣੀ ਜਮ੍ਹਾਂ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਤੋਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਕ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ ਅਤੇ ਹੈਲਪਲਾਈਨ ਨੰਬਰ ਜਨਤਾ ਨਾਲ ਸਾਂਝਾ ਕੀਤਾ ਜਾਵੇਗਾ | ਜ਼ਮੀਨੀ ਸਟਾਫ ਨੂੰ ਪਹਿਲਾਂ ਤੋਂ ਸਾਰੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਡੇਚਲਵਾਲ ਨੇ ਅੱਗੇ ਕਿਹਾ ਕਿ ਜ਼ੋਨਲ ਕਮਿਸ਼ਨਰਾਂ ਨੂੰ ਵੀ ਆਪਣੇ-ਆਪਣੇ ਜ਼ੋਨਾਂ ਵਿਚ ਸਥਿਤੀ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਹ ਆਉਣ ਵਾਲੇ ਦਿਨਾਂ ਵਿਚ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਫੀਲਡ ਨਿਰੀਖਣ ਵੀ ਕਰਨਗੇ |