ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ. ਬੂਥ ਵਿਚ ਚੋਣਾ ਦਾ ਕੰਮ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜਿ੍ਹਆ | ਚੋਣ ਵਿਭਾਗ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਹੋਏ ਸਨ | ਇਸ ਸਕੂਲ ਦੇ ਬੂਥ ਵਿਚ ਇਕ ਖਾਸੀਅਤ ਇਹ ਸੀ ਕਿ ਸਕੂਲ ਦੇ ਵਿਦਿਆਰਥੀ, ਜੋ ਕਿ ਐਨ.ਐਸ.ਐਸ. ਦੇ ਵਲੰਟੀਅਰਜ਼ ਵੀ ਹਨ, ਨੇ ਬਾਖੂਬ ਢੰਗ ਨਾਲ ਵੋਟਰਾਂ ਅਤੇ ਚੋਣ ਅਮਲੇ ਨੂੰ ਸਹਿਯੋਗ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਅੰਦਰ ਸਹਿਯੋਗ, ਇਮਾਨਦਾਰੀ, ਸਤਿਕਾਰ, ਹੱਥੀਂ ਕਿਰਤ ਕਰਨ ਅਤੇ ਹੋਰ ਨੈਤਿਕ ਕਦਰਾਂ ਦੇ ਸੰਚਾਰ ਲਈ ਐਨ.ਐਸ.ਐਸ., ਐਨ.ਸੀ.ਸੀ. ਅਤੇ ਸਕਾਊਟ ਐਂਡ ਗਾਈਡ ਯੂਨਿਟ ਚੱਲ ਰਹੇ ਹਨ | ਇਹਨਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਪੇ੍ਰਰਨਾ ਅਤੇ ਸਵੈ-ਇੱਛਾ ਨਾਲ ਸਮਾਜ ਭਲਾਈ ਦੇ ਕਾਰਜਾਂ ਵਿਚ ਅੱਗੇ ਆਉਂਦੇ ਹਨ | ਇਸ ਲੜੀ ਤਹਿਤ ਲੁਧਿਆਣਾ ਵਿਚ ਹੋ ਰਹੀਆਂ ਚੋਣਾਂ ਵਿਚ ਇਹਨਾਂ ਵਿਦਿਆਰਥੀਆਂ ਨੇ ਦਿਵਿਆਂਗ ਵੋਟਰਾਂ, ਇਸਤਰੀਆਂ ਜਾਂ ਹੋਰ ਬਜ਼ੁਰਗ ਵੋਟਰਾਂ ਨੂੰ ਵੋਟ ਪਾਉਣ ਵਿਚ ਲੋੜੀਂਦੀ ਸਹਾਇਤਾ ਦਿੱਤੀ | ਇਸ ਸਕੂਲ ਦੇ ਕੁੱਝ ਵਲੰਟੀਅਰਜ਼ ਵਿਦਿਆਰਥੀ ਨੇੜਲੇ ਹੋਰ ਸਕੂਲਾਂ ਵਿਚ ਵੀ ਸਵੈ-ਇੱਛਾ ਨਾਲ ਵੋਟਾਂ ਦੇ ਕਾਰਜ ਵਿਚ ਆਪਣਾ ਸਹਿਯੋਗ ਦੇਣ ਪਹੁੰਚੇ ਹੋਏ ਸਨ | ਚੋਣ ਆਬਜ਼ਰਵਰ ਲੁਧਿਆਣਾ ਸੰਜੀਵ ਕੁਮਾਰ ਆਈ.ਏ.ਐਸ. ਵਲੰਟੀਅਰਜ਼ ਵਿਦਿਆਰਥੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਚੋਣ ਕਮਿਸ਼ਨ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਨਾਲ ਵਿਦਿਆਰਥੀਆਂ ਵਿਚ ਵੀ ਆਤਮ ਵਿਸ਼ਵਾਸ ਵਧਦਾ ਹੈ, ਜੋ ਕਿ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਬਹੁਤ ਜ਼ਰੂਰੀ ਹੁੰਦਾ ਹੈ |