ਲੁਧਿਆਣਾ, 22 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਮਿਸ਼ਨਰ ਵਲੋਂ ਸ਼ਹਿਰ ਵਿਚ ਬਰਸਾਤੀ ਮੌਸਮ 'ਚ ਪੈਣ ਵਾਲੇ ਮੀਂਹ ਦੇ ਪਾਣੀ ਦੀ ਨਿਕਾਸੀ ਨੰੂ ਲੈਕੇ ਭਾਵੇ ਅਧਿਕਾਰੀਆਂ ਨੰੂ ਪੂਰੇ ਪ੍ਰਬੰਧ ਕਰਨ ਦੇ ਨਿਰਦੇਸ਼ ਤਾਂ ਜ਼ਰੂਰ ਦਿੱਤੇ ਗਏ ਹਨ | ਪਰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਉਕਤ ਨਿਰਦੇਸ਼ਾਂ ਤਾਂ ਕੰਮ ਕੀਤਾ ਨਹੀ ਜਾ ਰਿਹਾ ਹੈ | ਸਿੱਟੇ ਵਜੋਂ ਸ਼ਹਿਰਵਾਸੀਆਂ ਨੰੂ ਸ਼ਹਿਰ ਚ ਹੋਣ ਵਾਲੀ ਬਰਸਾਤ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਤਵਾਰ ਨੰੂ ਵੀ ਸ਼ਹਿਰ ਵਿਚ ਬਾਅਦ ਦੁਪਹਿਰ ਹੋਈ ਬਰਸਾਤ ਨੇ ਸ਼ਹਿਰ ਨੰੂ ਜਲਥਲ ਕਰ ਦਿੱਤਾ | ਸ਼ਹਿਰ ਦੇ ਬਾਜ਼ਾਰਾਂ ਤੇ ਸੜਕਾਂ ਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਸ਼ਹਿਰ ਵਾਸੀਆਂ ਨੰੂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਐਤਵਾਰ ਬਾਅਦ ਦੁਪਹਿਰ ਬਰਸਾਤ ਕੱੁਝ ਸਮੇ ਦੀ ਹੋਈ ਬਰਸਾਤ ਨੇ ਨਗਰ ਨਿਗਮ ਕਮਿਸ਼ਨਰ ਦੇ ਬਰਸਾਤੀ ਪਾਣੀ ਦੇ ਨਿਕਾਸੀ ਲਈ ਅਧਿਕਾਰੀਆਂ ਨੰੂ ਉਚਿਤ ਪ੍ਰਬੰਧ ਕਰਨ ਦੀ ਪੂਰੀ ਤਰ੍ਹਾਂ ਨਾਲ ਪੋਲ ਖੋਲ੍ਹਕੇ ਰੱਖ ਦਿੱਤੀ | ਸ਼ਹਿਰ ਦੇ ਕਿਤਾਬ ਬਾਜ਼ਾਰ, ਮੌਜਪੁਰਾ ਬਾਜ਼ਾਰ, ਚੌੜਾ ਬਾਜ਼ਾਰ, ਸਾਬਣ ਬਾਜ਼ਾਰ, ਬਸਤੀ ਜੋਧੋਵਾਲ, ਸਮਰਾਲਾ ਚੌਂਕ, ਚੰਡੀਗੜ੍ਹ ਰੋਡ, ਸ਼ਿਵਪੁਰੀ ਚੌਂਕ ਤੋਂ ਇਲਾਵਾ ਸ਼ਹਿਰ ਦੇ ਪੌਸ਼ ਇਲਾਕਿਆਂ ਮਾਡਲ ਟਾਊਨ ਐਕਸਟੈਸ਼ਨ, ਸਰਾਭਾ ਨਗਰ, ਬੀ.ਆਰ.ਐਸ. ਨਗਰ ਆਦਿ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਉਕਤ ਬਾਜ਼ਾਰਾਂ ਤੇ ਇਲਾਕਿਆਂ ਵਿਚ ਖੜ੍ਹਾ ਹੋ ਗਿਆ ਤੇ ਲੋਕਾਂ ਨੰੂ ਆਉਣ ਜਾਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਬਰਸਾਤੀ ਪਾਣੀ ਕਾਰਨ ਕਈ ਲੋਕਾਂ ਦੇ ਵਾਹਨ ਵੀ ਚਲਣੇ ਬੰਦ ਹੋ ਗਏ ਤੇ ਉਹ ਧੱਕਾ ਲਗਾਕੇ ਆਪਣੇ ਵਾਹਨ ਲੈਕੇ ਜਾਂਦੇ ਹੋਏ ਨਜ਼ਰ ਆਏ | ਉਥੇ ਹੀ ਬੁੱਢੇ ਨਾਲੇ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿਚ ਗਾਂਧੀ ਨਗਰ, ਮਾਧੋਪੁਰੀ, ਕੁੰਦਨਪੁਰੀ, ਉਪਕਾਰ ਨਗਰ ਵਿਚ ਵੀ ਗਲੀਆਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੜ੍ਹਾ ਹੋ ਗਿਆ | ਐਤਵਾਰ ਨੰੂ ਹੋਈ ਬਰਸਾਤ ਕਾਰਨ ਬੱੁਢੇ ਨਾਲੇ ਵਿਚ ਵੀ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ | ਜੇਕਰ ਬਰਸਾਤ ਲਗਾਤਾਰ ਇਕ ਦੋ ਦਿਨ ਹੁੰਦੀ ਰਹੀ ਤਾਂ ਬੁੱਢੇ ਨਾਲੇ ਵਿਚੋਂ ਪਾਣੀ ਬਾਹਰ ਆਉਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ |
ਕਮਿਸ਼ਨਰ ਵਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਨਿਰਦੇਸ਼ਾਂ 'ਤੇ ਅਧਿਕਾਰੀਆਂ ਨਹੀਂ ਕੀਤਾ ਅਮਲ <br/>
ਅਜੀਤ ਡੈਸਕ
23-06-2025