ਢੰਡਾਰੀ ਕਲਾਂ/ਲੁਧਿਆਣਾ, 22 ਜੂਨ (ਜਸਵੀਰ ਸਿੰਘ ਬੰਗਾ)-ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਪਈਆਂ ਢੰਡਾਰੀ ਕਲਾਂ ਦੀਆਂ ਗਲੀਆਂ ਨੂੰ ਨਵਿਆਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਵਾਰਡ ਨੰ: 32 ਤੋਂ ਇੰਚਾਰਜ ਕ੍ਰਿਸ਼ਨ ਕੁਮਾਰ ਢੰਡਾਰੀ ਤੇ ਬਲਬੀਰ ਸਿੰਘ ਭੋਲਾ ਨੇ ਕੀਤਾ | ਇਸ ਮੌਕੇ ਕ੍ਰਿਸ਼ਨ ਕੁਮਾਰ ਢੰਡਾਰੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰਾਂ ਦੀ ਘਟੀਆ ਕਾਰਗੁਜ਼ਾਰੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਸੀ, ਕਿਸੇ ਵੀ ਅਧਿਕਾਰੀ ਜਾਂ ਵਿਧਾਇਕ ਨੇ ਇਨ੍ਹਾਂ ਖਸਤਾ ਹਾਲਤ ਗਲੀਆਂ ਦੀ ਸਾਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਢੰਡਾਰੀ ਕਲਾਂ ਦੀਆਂ ਖਸਤਾ ਹਾਲਤ ਗਲੀਆਂ ਬਾਰੇ ਜਦ ਵਿਧਾਇਕ ਛੀਨਾ ਨੂੰ ਦੱਸਿਆ ਤਾਂ ਉਨ੍ਹਾਂ ਤੁਰੰਤ ਗਲੀਆਂ ਨੂੰ ਨਵਿਆਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ | ਇਸ ਮੌਕੇ ਵਿਧਾਇਕ ਛੀਨਾ ਨੇ ਕਿਹਾ ਕਿ ਗਲੀਆਂ ਦੀ ਖਸਤਾ ਹਾਲਤ ਬਾਰੇ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਗਲੀਆਂ ਨੂੰ ਨਵੀਆਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਥੋਂ ਦੇ ਵਿਧਾਇਕ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ, ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਉਨ੍ਹਾ ਦੱਸਿਆ ਕਿ ਜਦੋਂ ਤੋਂ ਉਹ ਵਿਧਾਇਕ ਬਣੇ ਹਨ ਇਲਾਕੇ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਕਰਵਾ ਦਿੱਤਾ ਗਿਆ ਹੈ, ਰਹਿੰਦੀਆਂ ਸਮੱਸਿਆਵਾਂ ਦਾ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ | ਗਲੀਆਂ ਦਾ ਕੰਮ ਸ਼ੁਰੂ ਹੋਣ ਤੇ ਇਲਾਕਾ ਵਾਸੀਆਂ ਨੇ ਵਿਧਾਇਕ ਛੀਨਾ ਤੇ ਕ੍ਰਿਸ਼ਨ ਕੁਮਾਰ ਢੰਡਾਰੀ ਦਾ ਧੰਨਵਾਦ ਕਰਦਿਆਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸੁਖਦੇਵ ਸਿੰਘ ਗਰਚਾ, ਸੱਤੀ ਲੋਟੇ, ਬੱਬੂ ਡਾਕਟਰ, ਚਮਕੌਰ ਸਿੰਘ, ਜਸਵੀਰ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਜਸਪਾਲ ਕੌਰ, ਰਛਪਾਲ ਕੌਰ, ਡਾ: ਲਖਵੀਰ ਸਿੰਘ, ਸੁਰਿੰਦਰਪਾਲ ਕੌਰ, ਮਨਦੀਪ ਕੌਰ ਅਤੇ ਸਮੂਹ ਵਾਰਡ ਵਾਸੀ ਹਾਜ਼ਰ ਸਨ |