ਲੁਧਿਆਣਾ, 22 ਜੂਨ (ਜਗਮੀਤ ਸਿੰਘ) ਕੇਂਦਰ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਦੇਸ਼ ਭਰ ਵਿਚ 9 ਜੁਲਾਈ ਨੂੰ ਆਮ ਹੜਤਾਲ ਹੋ ਰਹੀ ਹੈ, ਜਿਸ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਪੇਂਡੂ ਭਾਰਤ ਨੂੰ ਬੰਦ ਕਰਕੇ ਸਮਰਥਨ ਕੀਤਾ ਜਾ ਰਿਹਾ ਹੈ | ਇਸੇ ਲੜੀ ਦੇ ਤਹਿਤ ਲੁਧਿਆਣਾ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕਰਨ ਦੀ ਤਿਆਰੀ ਵਜੋਂ 29 ਜੂਨ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਸਾਰੀਆਂ ਟਰੇਡ ਯੂਨੀਅਨਾਂ ਵਲੋਂ ਸਾਂਝੀ ਕਨਵੈੱਨਸ਼ਨ ਕੀਤੀ ਜਾ ਰਹੀ ਹੈ, ਜਿਸ ਵਿਚ ਸਬੰਧਿਤ ਯੂਨੀਅਨ ਅਤੇ ਆਜ਼ਾਦ ਫੈਡਰੇਸ਼ਨ ਦੇ ਆਗੂ ਵੀ ਸ਼ਾਮਿਲ ਹੋਣਗੇ | ਇਹ ਫ਼ੈਸਲਾ ਅੱਜ ਯੂਨੀਅਨ ਦੀ ਹੋਈ ਸਾਂਝੀ ਬੈਠਕ ਵਿਚ ਕੀਤਾ ਗਿਆ | ਇਸ ਵਿਚ ਪੰਜਾਬ ਦੀ ਕੈਬਨਿਟ ਵਲੋਂ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 1958 ਵਿਚ ਮਜ਼ਦੂਰਾਂ ਅਤੇ ਮੁਲਾਜ਼ਮ ਵਿਰੋਧੀ ਸੋਧਾਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ ਅਤੇ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿਚ ਸੋਧ ਕਰਕੇ 20 ਤੱਕ ਕਾਮਿਆ ਵਾਲੀਆਂ ਫ਼ੈਕਟਰੀਆਂ ਅਤੇ ਦੁਕਾਨਾਂ ਨੂੰ ਰਜਿਸਟਰੇਸ਼ਨ ਲਾਜ਼ਮੀ ਕਰਨ, ਮਜ਼ਦੂਰਾਂ ਦੀ ਦਿਹਾੜੀ ਅੱਠ ਤੋਂ ਵਧਾ ਕੇ ਜੋ 12 ਘੰਟੇ ਕੀਤੀ ਗਈ ਹੈ, ਉਸ ਨੂੰ ਮੁੜ ਅੱਠ ਘੰਟੇ ਕਰਨ ਅਤੇ ਘੱਟੋ ਘੱਟ ਉਜਰਤ ਬਿਨਾਂ ਕਿਸੇ ਦੇਰੀ ਦੇ ਵਧਾਉਣ ਦੀ ਮੰਗ ਕੀਤੀ ਜਾਵੇਗੀ | ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰਨ ਵਾਲਿਆਂ ਵਿਚ ਏਟਕ ਵਲੋਂ ਵਿਜੇ ਕੁਮਾਰ, ਚਮਕੌਰ ਸਿੰਘ, ਸੀਟੂ ਵਲੋਂ ਸੁਖਮਿੰਦਰ ਸਿੰਘ ਲੋਟੇ, ਰਾਮ ਲਾਲ, ਸੀ.ਟੀ.ਯੂ. ਪੰਜਾਬ ਵਲੋਂ ਜਗਦੀਸ਼ ਚੰਦ, ਪਰਮਜੀਤ ਸਿੰਘ, ਇੰਟਕ ਵਲੋਂ ਐਡਵੋਕੇਟ ਸਰਬਜੀਤ ਸਿੰਘ ਸਰਹਾਲੀ, ਗੁਰਜੀਤ ਸਿੰਘ ਜਗਪਾਲ ਅਤੇ ਸਮਰ ਬਹਾਦਰ, ਰਾਮ ਬਿ੍ਕਸ਼, ਤਹਿਸੀਲਦਾਰ ਬਲਰਾਮ ਅਤੇ ਭੋਲਾ ਯਾਦਵ ਆਦਿ ਸ਼ਾਮਿਲ ਸਨ |