ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਵੈਟਰਨਰੀ ਯੂਨੀਵਰਸਿਟੀ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਵਲੋਂ ਕੀਤੀ ਜਾ ਰਹੀ ਅਨਿਸ਼ਚਿਤ ਹੜਤਾਲ ਵੀਰਵਾਰ ਨੂੰ 22ਵੇਂ ਦਿਨ ਵਿਚ ਦਾਖਲ ਹੋ ਗਈ ਹੈ | ਇੰਟਰਨ ਵਿਦਿਆਰਥੀ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਖੇ ਆਪਣਾ ਸ਼ਾਂਤੀਪੂਰਨ ਰੋਸ ਜਾਰੀ ਰੱਖ ਰਹੇ ਹਨ | ਯੂਨੀਅਨ ਨੇ ਕਿਹਾ ਕਿ ਪਿਛਲੇ ਹਫ਼ਤੇ ਪਿੰ੍ਰਸੀਪਲ ਸੈਕਟਰੀ (ਫਾਈਨੈਂਸ) ਨਾਲ ਹੋਈ ਮੀਟਿੰਗ ਦੇ ਬਾਵਜੂਦ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ ਹੈ | ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਅੱਜ ਰੋਸ ਸਥਾਨ 'ਤੇ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਇਕਜੁੱਟਤਾ ਜਤਾਈ | ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ''ਜਾਇਜ਼'' ਕਰਾਰ ਦਿੰਦਿਆਂ ਚੱਲ ਰਹੀ ਲਹਿਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ | ਬੈਂਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ | ਇਸ ਤੋਂ ਇਲਾਵਾ ਯੂਨੀਅਨ ਨੇ ਇਹ ਵੀ ਦਰਸਾਇਆ ਕਿ ਸਰਜਰੀ, ਮੈਡੀਸਨ, ਗਾਇਨਾਕੌਲੋਜੀ ਅਤੇ ਨਾਨ-ਕਲੀਨਿਕਲ ਵਿਭਾਗਾਂ ਵਿਚ ਪੋਸਟਗ੍ਰੈਜੂਏਟ ਸਕਾਲਰਾਂ ਨੂੰ ਅਜੇ ਤੱਕ ਕੋਈ ਸਟਾਈਪੈਂਡ ਨਹੀਂ ਮਿਲਦਾ | ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਜਾਰੀ ਰੱਖਣ ਦੇ ਆਪਣੇ ਵਚਨ ਨੂੰ ਦੁਹਰਾਉਂਦੇ ਹੋਏ ਯੂਨੀਅਨ ਨੇ ਆਸ ਜਤਾਈ ਕਿ ਜਲਦੀ ਕੋਈ ਠੋਸ ਹੱਲ ਨਿਕਲੇਗਾ |