ਇਆਲੀ/ਥਰੀਕੇ, 17 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਇਆਲੀ ਕਲਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ | ਰੋਜ਼ਾਨਾ ਦੀ ਤਰ੍ਹਾਂ ਸਵੇਰ ਦੇ ਨਿੱਤਨੇਮ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਭਾਈ ਪ੍ਰਭਜੋਤ ਸਿੰਘ ਗੰਗਾ ਨਗਰ ਵਾਲਿਆਂ ਦੇ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਏ, ਜਿਸ ਉਪਰੰਤ ਪੰਥ ਪ੍ਰਸਿੱਧ ਢਾਡੀ ਜਥਿਆਂ ਭਾਈ ਕਮਲ ਸਿੰਘ ਬੱਦੋਵਾਲ, ਸ਼ਮਸ਼ੇਰ ਸਿੰਘ ਨੀਲੋਂ ਨੇ ਢਾਡੀ ਵਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਭਾਈ ਨਵਰੂਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਅਤੇ ਸਮਾਪਤੀ 'ਤੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ, ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਜਸਪਾਲ ਸਿੰਘ, ਮੈਨੇਜਰ ਗੁਰਚਰਨ ਸਿੰਘ ਪੁਰਬਾ, ਲੇਖਾਕਾਰ ਸੁਖਬੀਰ ਸਿੰਘ ਸਮੇਤ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |