ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਾੜੇਵਾਲ ਰੋਡ 'ਤੇ ਬੀਤੀ ਰਾਤ ਮਮੂਲੀ ਸੜਕ ਹਾਦਸੇ ਤੋਂ ਬਾਅਦ ਉਪ ਪੁਲਿਸ ਕਪਤਾਨ ਅਤੇ ਕੁੱਝ ਨੌਜਵਾਨ ਵਿਚਾਲੇ ਤਕਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਨੌਜਵਾਨਾਂ ਵਲੋਂ ਉਪ ਪੁਲਿਸ ਕਪਤਾਨ 'ਤੇ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤਣ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ, ਜਦਕਿ ਉਪ ਪੁਲਿਸ ਕਪਤਾਨ ਵਲੋਂ ਇਸ ਦਾ ਖੰਡਨ ਕੀਤਾ ਗਿਆ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਘਟਨਾ ਬੀਤੀ ਰਾਤ ਬਾੜੇਵਾਲ ਰੋਡ 'ਤੇ ਉਸ ਵਕਤ ਵਾਪਰੀ, ਜਦੋਂ ਉਪ ਪੁਲਿਸ ਕਪਤਾਨ ਦਾ ਭਤੀਜਾ ਅਤੇ ਭਤੀਜੀ ਕਾਰ 'ਤੇ ਜਾ ਰਹੇ ਸਨ | ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਦੂਜੀ ਕਾਰ ਨਾਲ ਹੋ ਗਈ, ਜਿਸ ਵਿਚ ਨੌਜਵਾਨ ਬੈਠੇ ਸਨ | ਹਾਦਸੇ ਵਾਲੀ ਥਾਂ ਦੇ ਨੇੜੇ ਹੋਣ ਕਾਰਨ ਇਹਨਾਂ ਨੌਜਵਾਨਾਂ ਨੇ ਆਪਣੇ ਕੁੱਝ ਸਾਥੀ ਬੁਲਾ ਲਏ, ਜੋ ਕਿ ਉਪ ਪੁਲਿਸ ਕਪਤਾਨ ਦੇ ਭਤੀਜੇ ਨਾਲ ਉਲਝ ਪਏ | ਉਸ ਨੇ ਇਸ ਦੀ ਸੂਚਨਾ ਆਪਣੇ ਪਿਤਾ ਅਤੇ ਚਾਚੇ ਨੂੰ ਦਿੱਤੀ | ਸੂਚਨਾ ਮਿਲਦਿਆਂ ਉਪ ਪੁਲਿਸ ਕਪਤਾਨ ਅਤੇ ਉਸ ਦਾ ਭਰਾ ਮੌਕੇ 'ਤੇ ਪਹੁੰਚੇ | ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਾਲੇ ਜ਼ਬਰਦਸਤ ਤਕਰਾਰ ਹੋਇਆ, ਜਿਸ ਦੀ ਵੀਡੀਓ ਵਾਇਰਲ ਹੋ ਗਈ | ਇਹਨਾਂ ਦੋਵਾਂ ਧਿਰਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ | ਜਾਂਚ ਕਰ ਰਹੇ ਅਧਿਕਾਰੀ ਏ.ਸੀ.ਪੀ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਭਲਕੇ ਬੁਲਾਇਆ ਹੈ ਅਤੇ ਜਾਂਚ ਉਪਰੰਤ ਇਸ ਸਬੰਧੀ ਕੁੱਝ ਕਿਹਾ ਜਾ ਸਕੇਗਾ |