ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਗੈਰ ਕਾਨੰੂਨੀ ਉਸਾਰੀਆਂ ਨੰੂ ਰੋਕਣ ਦੇ ਦਾਅਵੇ ਕਾਗ਼ਜ਼ੀ ਸਾਬਤ ਹੋ ਰਹੇ ਹਨ | ਸ਼ਹਿਰ ਦੇ ਲਗਭਗ ਹਰ ਜ਼ੋਨ ਵਿਚ ਨਿਰੰਤਰ ਗੈਰ ਕਾਨੰੂਨੀ ਉਸਾਰੀਆਂ ਹੋ ਰਹੀਆਂ ਹਨ | ਜਦਕਿ ਨਿਗਮ ਦੀ ਬਿਲਡਿੰਗ ਬਰਾਂਚ ਚੁੱਪੀ ਸਾਧੇ ਬੈਠੀ ਹੈ | ਖ਼ਾਸ ਕਰਕੇ ਨਗਰ ਨਿਗਮ ਦੇ ਜ਼ੋਨ ਸੀ. ਵਿਚ ਗੈਰ ਕਾਨੰੂਨੀ ਉਸਾਰੀਆਂ ਦਾ ਨਿਰਮਾਣ ਧੜੱਲੇ ਨਾਲ ਜਾਰੀ ਹੈ | ਇਸ ਜ਼ੋਨ ਦੇ 29 ਨੰਬਰ ਬਲਾਕ ਹੇਠ ਆਉਣ ਵਾਲੇ ਇਲਾਕਿਆਂ ਰੂਦਰਾ ਕਾਲੋਨੀ, ਜਸਪਾਲ ਬਾਂਗਰ ਰੋਡ, ਸੂਰਜ ਕਾਲੋਨੀ, ਕੰਗਣਵਾਲ ਤੇ ਲੋਹਾਰਾ ਆਦਿ ਵਿਚ ਲਗਭਗ 17 ਥਾਵਾਂ 'ਤੇ ਨਿਰੰਤਰ ਗੈਰ ਕਾਨੰੂਨੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਬਿਲਡਿੰਗ ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ ਹੋ ਰਹੀ ਹੈ | ਕਈ ਥਾਵਾਂ 'ਤੇ ਬਿਨਾਂ ਸੈਟਬੈਕ ਤੇ ਬਿਨਾਂ ਨਕਸ਼ਾ ਪਾਸ ਕਰਵਾਏ ਤਿੰਨ-ਤਿੰਨ ਮੰਜ਼ਿਲਾਂ ਦੀਆਂ ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਇਮਾਰਤਾਂ ਵਿਚ ਸੇਫ਼ਟੀ ਤੇ ਸਟ੍ਰਕਚਰਲ ਸੇਫ਼ਟੀ ਨਿਯਮਾਂ ਦੀ ਵੀ ਪੂਰੀ ਤਰ੍ਹਾਂ ਨਾਲ ਉਲੰਘਣਾ ਕੀਤੀ ਜਾ ਰਹੀ ਹੈ | ਇਸ ਮਾਮਲੇ ਨੰੂ ਲੈਕੇ ਸੁਸਾਇਟੀ ਫ਼ਾਰ ਪਬਲਿਕ ਵੈੱਲਫੇਅਰ ਐਂਡ ਅਵੇਅਰਨੈੱਸ ਦੇ ਪ੍ਰਧਾਨ ਸਿਮਰਪ੍ਰੀਤ ਸਿੰਘ ਵਲੋਂ ਇਸ ਸੰਬੰਧੀ ਪੰਜਾਬ ਦੇ ਗਵਰਨਰ, ਮੁੱਖ ਮੰਤਰੀ ਤੇ ਲੋਕਲ ਬਾਡੀ ਵਿਭਾਗ ਦੇ ਸਕੱਤਰ ਨੰੂ ਵਿਸਥਾਰਪੂਰਵਕ ਸ਼ਿਕਾਇਤ ਵੀ ਭੇਜੀ ਗਈ ਹੈ | ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਹੈ ਕਿ ਇਹ ਇਮਾਰਤਾਂ ਬਿਲਡਿੰਗ ਕਾਨੰੂਨ ਦੀ ਸਪਸ਼ਟ ਉਲੰਘਣਾ ਕਰਕੇ ਬਣਾਈਆਂ ਜਾ ਰਹੀਆਂ ਹਨ ਤੇ ਇਨ੍ਹਾਂ ਦਾ ਨਕਸ਼ਾ ਵੀ ਨਗਰ ਨਿਗਮ ਤੋਂ ਪਾਸ ਨਹੀਂ ਕਰਵਾਇਆ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਗੋਰਖ ਧੰਧਾ ਬਿਲਡਿੰਗ ਬਰਾਂਚ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਸਥਾਨਕ ਲੋਕਾਂ ਵਲੋਂ ਸ਼ਿਕਾਇਤ ਕੀਤੀ ਜਾਂਦੀ ਹੈ, ਤਦ ਅਧਿਕਾਰੀ ਮੌਕੇ 'ਤੇ ਰਸਮੀ ਨੋਟਿਸ ਜਾਰੀ ਕਰਕੇ ਫਾਈਲ ਬੰਦ ਕਰ ਦਿੰਦੇ ਹਨ, ਜਦਕਿ ਕੰਮ ਜਾਰੀ ਰਹਿੰਦਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੈਰ ਕਾਨੰੂਨੀ ਉਸਾਰੀਆਂ ਕਾਰਨ ਪਾਣੀ ਦੀ ਸਪਲਾਈ, ਡਰੇਨੇਜ ਤੇ ਟ੍ਰੈਫਿਕ ਦੀ ਸਮੱਸਿਆ ਵਧ ਰਹੀ ਹੈ | ਕਈ ਥਾਵਾਂ 'ਤੇ ਬਿਨਾਂ ਪਾਰਕਿੰਗ ਇਮਾਰਤਾਂ ਖੜੀਆਂ ਹੋਣ ਕਾਰਨ ਗਲੀਆਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ | ਸਿਮਰਪ੍ਰੀਤ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ, ਗੈਰ ਕਾਨੰੂਨੀ ਇਮਾਰਤਾਂ ਨੰੂ ਸੀਲ ਕੀਤਾ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਅੱਖਾਂ ਬੰਦ ਕਰਕੇ ਇਹ ਕੰਮ ਹੋਣ ਦਿੱਤਾ ਹੈ | ਉਨ੍ਹਾਂ 'ਤੇ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇ |