ਲੁਧਿਆਣਾ, 23 ਅਕਤੂਬਰ (ਡਾ. ਤਰਲੋਚਨ ਸਿੰਘ)-ਸਿਹਤ ਸੇਵਾਵਾਂ ਦੇ ਖੇਤਰ ਵਿਚ ਐਸ.ਪੀ.ਐਸ. ਹਸਪਤਾਲ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਹਸਪਤਾਲ ਵਲੋਂ ਅੱਜ ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਲਾਜ ਲਈ ਈ.ਸੀ.ਐਚ.ਐਸ. ਹੈਲਪ ਡੈਸਕ ਸ਼ੁਰੂ ਕੀਤੀ ਗਈ, ਜਿਸ ਦਾ ਉਦਘਾਟਨ ਬਿ੍ਗੇਡੀਅਰ ਮਸਤਿੰਦਰ ਸਿੰਘ ਤੇ ਕਰਨਲ ਕਮਲ ਕਿਸ਼ੋਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਬਿ੍ਗੇਡੀਅਰ ਮਸਤਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀਆਂ ਦੀ ਕਾਫ਼ੀ ਅਰਸੇ ਤੋਂ ਮੰਗ ਸੀ ਕਿ ਫੌਜੀਆਂ ਦੇ ਪਰਿਵਾਰਾਂ ਦਾ ਈ.ਸੀ.ਐਚ.ਐਸ. ਰਾਹੀਂ ਮੁਫ਼ਤ ਇਲਾਜ ਐਸ.ਪੀ.ਐਸ. ਹਸਪਤਾਲ ਵਿਖੇ ਕੀਤਾ ਜਾਵੇ | ਇਸ ਬਾਬਤ ਸਾਡੀ ਟੀਮ ਦਾ ਵਫ਼ਦ ਹਸਪਤਾਲ ਦੇ ਐਮ.ਡੀ. ਜੈ ਸਿੰਘ ਸੰਧੂ ਨੂੰ ਮਿਲਿਆ ਸੀ, ਜਿਨ੍ਹਾਂ ਨੇ ਸਾਡੀ ਮੰਗ ਪ੍ਰਵਾਨ ਕੀਤੀ, ਜਿਸ ਤੋਂ ਬਾਅਦ ਐਸ.ਪੀ.ਐਸ. ਹਸਪਤਾਲ ਵਿਖੇ ਅੱਜ ਤੋਂ ਈ.ਸੀ.ਐਚ.ਐਸ. ਦੀ ਹੈਲਪ ਡੈਸਕ ਸ਼ੁਰੂ ਹੋ ਗਈ ਹੈ, ਜਿਸ ਦਾ ਸਾਬਕਾ ਫੌਜੀਆਂ ਦੇ ਪਰਿਵਾਰਾਂ ਨੂੰ ਕਾਫ਼ੀ ਲਾਭ ਮਿਲੇਗਾ | ਇਸ ਮੌਕੇ ਹਸਪਤਾਲ ਦੇ ਸੀ.ਓ.ਓ. ਯੋਗੇਂਦਰ ਨਾਥ ਅਵਧਿਆ ਨੇ ਕਿਹਾ ਕਿ ਸਾਬਕਾ ਫੌਜੀਆਂ ਦੇ ਇਲਾਜ ਲਈ 50 ਦੇ ਕਰੀਬ ਬੈੱਡ ਰਾਖਵੇਂ ਰੱਖੇ ਜਾਣਗੇ ਤਾਂ ਜੋ ਕਿਸੇ ਵੀ ਫੌਜੀ ਪਰਿਵਾਰ ਨੂੰ ਇਲਾਜ ਕਰਵਾਉਣ ਵਿਚ ਦਿੱਕਤ ਨਾ ਆਵੇ | ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਪਰਮਿੰਦਰ ਬਰਾੜ, ਡਾ. ਜੀ.ਐਲ. ਅਵਸਥੀ, ਡਾ. ਸੁਨੀਲ ਕਤਿਆਲ ਤੇ ਤੇਜਦੀਪ ਰੰਧਾਵਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਡਾ. ਰਵਨਿੰਦਰ ਕੂਕਾ, ਡਾ. ਚੰਚਲ ਗੇਰਾ ਤੇ ਪੀ.ਆਰ.ਓ. ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ |