ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਐਸ.ਡੀ.ਐਮ. ਜਸ਼ਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਕਲੱਸਟਰ ਅਫ਼ਸਰਾਂ ਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਤੇ ਗ੍ਰੀਨ ਟਿ੍ਬਿਊਨਲ ਨਵੀਂ ਦਿੱਲੀ ਦੇ ਹੁਕਮਾਂ ਤੋਂ ਜਾਣੂ ਕਰਾਇਆ ਗਿਆ | ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਬੀ.ਡੀ.ਪੀ.ਓ ਫਗਵਾੜਾ ਨੂੰ ਪਿੰਡਾਂ 'ਚ ਮਸ਼ਤਰੀ ਮੁਨਾਦੀ ਕਰਵਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਵਾਲੇ ਖੇਤ ਤੇ ਪਰਾਲੀ ਨੂੰ ਅੱਗ ਲਗਾਉਣ 'ਤੇ ਪੂਰਣ ਪਾਬੰਦੀ ਲਗਾਈ ਗਈ ਹੈ | ਜੇਕਰ ਕਿਸੇ ਵਲੋਂ ਝੋਨੇ ਦੀ ਪਰਾਲੀ ਵਾਲੇ ਖੇਤ ਨੂੰ ਅੱਗ ਲਗਾਉਣ ਦੀ ਸੂਚਨਾ ਪ੍ਰਾਪਤ ਹੋਈ ਤਾਂ 2 ਏਕੜ ਖੇਤ ਵਾਲੇ ਨੂੰ 5 ਹਜ਼ਾਰ ਜਦਕਿ 2 ਏਕੜ ਤੋਂ ਵੱਧ ਖੇਤ ਵਾਲੇ ਦੋਸ਼ੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ | ਇਸੇ ਤਰ੍ਹਾਂ 5 ਏਕੜ ਖੇਤ ਵਾਲੇ ਨੂੰ 30 ਹਜ਼ਾਰ ਰੁਪਏ ਜਾਂ ਉਸ ਤੋਂ ਵੀ ਵੱਧ ਜੁਰਮਾਨਾ ਲਗਾਇਆ ਜਾਵੇਗਾ | ਇਸ ਦੇ ਨਾਲ ਹੀ ਲੈਂਡ ਰਿਕਾਰਡ 'ਚ ਦੋਸ਼ੀ ਦੀ ਜ਼ਮੀਨ ਦੇ ਮਾਲਕੀ ਵਾਲੇ ਖਾਨੇ 'ਚ ਰੈੱਡ ਐਂਟਰੀ ਵੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਸਬੰਧਿਤ ਪੁਲੀਸ ਥਾਣੇ 'ਚ ਐਫ.ਆਈ.ਆਰ ਕਰਨ ਦੀ ਹਦਾਇਤ ਵੀ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਗਈ ਹੈ | ਉਨ੍ਹਾਂ ਅਪੀਲ ਕੀਤੀ ਕਿ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਤੇ ਖੇਤਾਂ ਨੂੰ ਅੱਗ ਲਗਾਉਣ ਤੋਂ ਗੁਰੇਜ ਕੀਤਾ ਜਾਵੇ | ਇਸ ਮੌਕੇ ਤਹਿਸੀਲਦਾਰ ਜਸਵਿੰਦਰ ਸਿੰਘ, ਸੁਲੱਖਣ ਸਿੰਘ ਟੀ.ਸੀ., ਸੰਮਤੀ ਪਟਵਾਰੀ ਸੁਰਿੰਦਰ ਪਾਲ, ਸੀਮਾ ਰਾਣੀ, ਸੁਰਪ੍ਰੀਤ ਕੌਰ, ਪਰਮਜੀਤ ਸਿੰਘ, ਗੌਰਵ ਬੱਤਰਾ, ਅਨਿਲ ਕੁਮਾਰ, ਊਸ਼ਾ ਰਾਣੀ ਐੱਸ.ਐੱਚ.ਓ. ਥਾਣਾ ਸਿਟੀ, ਜੰਗਲਾਤ ਵਿਭਾਗ ਤੋਂ ਰੇਂਜ ਅਫ਼ਸਰ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |