ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸੂਬੇ ਦੀ ਬਹੁਤ ਚਰਚਿਤ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਐਸ.ਡੀ.ਐਫ. ਦਾ 13 ਸਾਲਾਂ ਬਾਅਦ ਸਾਰਾ ਬੁਨਿਆਦੀ ਢਾਂਚਾ ਭੰਗ ਕੀਤਾ ਗਿਆ | ਇਹ ਅਹਿਮ ਜਾਣਕਾਰੀ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਐਸਡੀਐਫ ਸੰਗਠਨ ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਵੱਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਕ ਵਿਸ਼ੇਸ਼ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੁਲਾ ਕੇ ਇਹ ਅਹਿਮ ਫੈਸਲਾ ਲਿਆ ਗਿਆ | ਸ. ਹੌਬੀ ਨੇ ਕਿਹਾ ਕਿ ਜਥੇਬੰਦੀ ਜੋ ਕਿ ਸਾਲ 2013 ਤੋਂ ਵਿਦਿਆਰਥੀ ਸੰਗਠਨ ਅਤੇ ਵਿਦਿਆਰਥੀਆਂ ਦੇ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਕੰਮ ਕਰਦੀ ਆ ਰਹੀ ਹੈ, ਜਿਸ ਵਿਚ ਕਈ ਅਹਿਮ ਮੁੱਦੇ ਜਿਵੇਂ ਕਿ ਵਿਦਿਆਰਥੀਆਂ ਨਾਲ ਇੰਮੀਗਰੇਸ਼ਨ ਦੀ ਧੋਖਾਧੜੀ ਅਤੇ ਸਕੂਲਾਂ ਕਾਲਜਾਂ ਦੀ ਮੈਨੇਜਮੈਂਟਾਂ ਵੱਲੋਂ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਖਿਲਾਫ ਅੱਜ ਤੱਕ ਆਵਾਜ਼ ਚੁੱਕਦੀ ਆਈ ਹੈ ਅਤੇ ਲਗਭਗ 13 ਸਾਲਾਂ ਤੋਂ ਕਾਰਜਕਾਰੀ ਕਮੇਟੀ ਦੇ ਪਹਿਲੇ ਵਾਲੇ ਹੀ ਮੈਂਬਰ ਸਾਹਿਬਾਨ ਸੇਵਾ ਨਿਭਾ ਰਹੇ ਹਨ | ਸ. ਹੌਬੀ ਨੇ ਦੱਸਿਆ ਕਿ ਅਗਲੀ ਨਵੀਂ ਕਾਰਜਕਾਰੀ ਕਮੇਟੀ ਅਤੇ ਸਬੰਧਿਤ ਢਾਂਚਾ ਆਉਣ ਵਾਲੇ 90 ਦਿਨ ਦੇ ਅੰਦਰ ਅਤੇ ਲਗਭਗ ਮਾਘੀ ਦੇ ਦਿਹਾੜੇ ਦੇ ਨੇੜੇ ਬਣਾਇਆ ਜਾਵੇਗਾ ਅਤੇ ਨਵੀਂ ਕਾਰਜਕਾਰੀ ਕਮੇਟੀ ਅਤੇ ਸਬੰਧਤ ਅਹੁਦਿਆਂ ਉਪਰ ਵਿਦਿਆਰਥੀ ਜਗਤ ਨਾਲ ਜੁੜੇ ਸਾਫ ਅਕਸ ਵਾਲੇ ਕਈ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਵਿਦਿਆਰਥੀ ਵਰਗ ਤੋਂ ਲੈ ਕੇ ਹਰ ਵਰਗ ਦੀ ਸੇਵਾ ਨਾਲ ਸੰਬੰਧਿਤ ਮੁੱਦਿਆਂ ਤੇ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਗੋਜੀ, ਗੁਰਪ੍ਰੀਤ ਸਿੰਘ ਸਰਨਾ, ਮਾਨਵਜੋਤ ਸਿੰਘ, ਨਵਦੀਪ ਸਿੰਘ ਬਿਰਦੀ, ਜਸਵਿੰਦਰ ਸਿੰਘ ਵਿੱਕੀ, ਜਗਪ੍ਰੀਤ ਸਿੰਘ, ਮਨਿੰਦਰ ਸਿੰਘ ਸ਼ੈਰੀ, ਜਗਰੂਪ ਸਿੰਘ ਖਾਲਸਾ ਆਦਿ ਸੀਨੀਅਰ ਮੈਂਬਰ ਹਾਜ਼ਰ ਸਨ |