ਆਲਮਗੀਰ, 23 ਅਕਤੂਬਰ (ਜਰਨੈਲ ਸਿੰਘ ਪੱਟੀ)- ਸਥਾਨਕ ਮਲੇਰਕੋਟਲਾ ਰੋਡ ਪਿੰਡ ਗਿੱਲ ਵਿਖੇ ਸਥਿਤ ਮੈਸ ਪ੍ਰੋਲਾਈਫ ਹਸਪਤਾਲ, ਜੋ ਕਿ ਆਪਣੀਆਂ ਸੁਪਰ ਸਪੈਸ਼ਲਿਟੀ ਤੇ ਟ੍ਰੌਮਾ ਕੇਅਰ ਸੇਵਾਵਾਂ ਲਈ ਮਸ਼ਹੂਰ ਹੈ, ਵਲੋਂ ਹਰਨੀਆ ਦੇ ਮਰੀਜ਼ਾਂ ਲਈ ਇਕ ਮੁਫ਼ਤ ਚੈੱਕਅਪ ਕੈਂਪ 25 ਅਕਤੂਬਰ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਹਰਨੀਆ ਇਕ ਐਸੀ ਬਿਮਾਰੀ ਹੈ, ਜੋ ਪਹਿਲਾਂ ਹੌਲੀ-ਹੌਲੀ ਸ਼ੁਰੂ ਹੁੰਦੀ ਹੈ, ਪਰ ਸਮੇਂ ਦੇ ਨਾਲ ਖ਼ਤਰਨਾਕ ਰੂਪ ਧਾਰ ਸਕਦੀ ਹੈ | ਇਸ ਬਿਮਾਰੀ ਦੇ ਲੱਛਣਾਂ 'ਚ ਪੇਟ ਜਾਂ ਗੋਦ ਵਾਲੇ ਹਿੱਸੇ 'ਚ ਸੁੱਜਣ, ਦਰਦ ਜਾਂ ਭਾਰ ਮਹਿਸੂਸ ਹੋਣਾ ਸ਼ਾਮਿਲ ਹੁੰਦਾ ਹੈ | ਅਕਸਰ ਲੋਕ ਇਸ ਨੂੰ ਹਲਕੇ 'ਚ ਲੈਂਦੇ ਹਨ, ਜਿਸ ਕਾਰਨ ਬਾਅਦ ਵਿਚ ਸਰਜਰੀ ਦੀ ਲੋੜ ਪੈ ਸਕਦੀ ਹੈ | ਮੈਸ ਪ੍ਰੋਲਾਈਫ ਹਸਪਤਾਲ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਜੌਲੀ ਨੇ ਦੱਸਿਆ ਕਿ ਇਹ ਕੈਂਪ ਲੋਕਾਂ ਨੂੰ ਹਰਨੀਆ ਦੀ ਸਮੱਸਿਆ ਬਾਰੇ ਜਾਗਰੂਕ ਕਰਨ ਅਤੇ ਸਮੇਂ 'ਤੇ ਇਲਾਜ ਦੇ ਮਹੱਤਵ ਨੂੰ ਦਰਸਾਉਣ ਲਈ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਰੀਜ਼ ਹਰਨੀਆ ਨੂੰ ਛੋਟੀ ਬਿਮਾਰੀ ਸਮਝਦੇ ਹਨ, ਪਰ ਜਦੋਂ ਇਹ ਵੱਧ ਜਾਂਦਾ ਹੈ ਤਾਂ ਖ਼ਤਰਨਾਕ ਹੋ ਸਕਦਾ ਹੈ | ਇਸ ਲਈ ਸਾਡਾ ਉਦੇਸ਼ ਹੈ ਕਿ ਲੋਕ ਸਮੇਂ 'ਤੇ ਜਾਂਚ ਕਰਵਾ ਕੇ ਆਪਣੀ ਸਿਹਤ ਦੀ ਸੰਭਾਲ ਕਰਨ | ਕੈਂਪ ਦੌਰਾਨ ਤਜਰਬੇਕਾਰ ਸਰਜਨ ਹਰਨੀਆ ਨਾਲ ਸੰਬੰਧਿਤ ਹਰ ਕਿਸਮ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਅਤੇ ਜਿਨ੍ਹਾਂ ਨੂੰ ਸਰਜਰੀ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਵਿਸ਼ੇਸ਼ ਛੂਟ ਦਿੱਤੀ ਜਾਵੇਗੀ |