ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੋਚਪੁਰਾ ਬਾਜ਼ਾਰ ਵਿਚ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਅਣਪਛਾਤੇ ਚੋਰਾਂ ਨੇ ਇਕ ਦੁਕਾਨ ਦੇ ਤਾਲੇ ਤੋੜ ਕੇ 5 ਲੱਖ ਦਾ ਸ਼ਾਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਜਦੋਂ ਦੁਕਾਨ ਮਾਲਕ ਦੁਕਾਨ 'ਤੇ ਆਇਆ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ | ਇਸ ਤੋਂ ਬਾਅਦ ਦੁਕਾਨ ਮਾਲਕ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 3 ਵਿਚ ਸੂਚਨਾ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦੁਕਾਨ ਮਾਲਕ ਚੰਦਨ ਗੁਪਤਾ ਨੇ ਦੱਸਿਆ ਕਿ ਉਸ ਦੀ ਮੋਚਪੁਰਾ ਬਾਜ਼ਾਰ ਵਿਚ ਸੁਪਰੀਮ ਕਸ਼ਮੀਰ ਆਰਟਸ ਨਾਮ ਦੀ ਦੁਕਾਨ ਹੈ, ਜਦੋਂ ਉਹ ਸਵੇਰੇ 9 ਵਜੇ ਦੇ ਕਰੀਬ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਖੁੱਲ੍ਹੇ ਸਨ, ਜਦੋਂ ਉਹ ਅੰਦਰ ਗਏ ਤਾਂ ਦੁਕਾਨ ਦੇ ਅੰਦਰ ਪਿਆ ਸਰਦੀਆਂ ਦਾ ਸਾਮਾਨ ਖਿੱਲਰਿਆ ਪਿਆ ਸੀ | ਚੋਰਾਂ ਨੇ ਵੱਡੀ ਮਾਤਰਾ ਵਿਚ ਸ਼ਾਲ ਅਤੇ ਹੋਰ ਗਰਮ ਕੱਪੜੇ ਚੋਰੀ ਕਰ ਲਏ | ਚੋਰਾਂ ਨੇ ਦੁਕਾਨ ਵਿਚੋਂ 5 ਲੱਖ ਤੋਂ ਵੱਧ ਦਾ ਸਾਮਾਨ ਚੋਰੀ ਕਰ ਲਿਆ ਹੈ | ਚੋਰ ਦੁਕਾਨ ਦੀਆਂ ਚਾਬੀਆਂ ਵੀ ਆਪਣੇ ਨਾਲ ਲੈ ਗਏ | ਦੁਕਾਨ ਮਾਲਕ ਦੇ ਅਨੁਸਾਰ ਚੋਰਾਂ ਨੇ ਸਵੇਰੇ 5 ਵਜੇ ਦੇ ਕਰੀਬ ਦੁਕਾਨ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ | ਦੁਕਾਨ ਦੇ ਅੰਦਰ ਸਾਮਾਨ ਚੋਰੀ ਕਰਨ ਦੀ ਘਟਨਾ ਸੀ.ਸੀ. ਟੀਵੀ ਫੁਟੇਜ ਵਿਚ ਕੈਦ ਹੋ ਗਈ ਹੈ | ਸਥਾਨਕ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਅਤੇ ਪੀੜਤ ਚੰਦਨ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ |