ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ | ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਡਾਕਟਰ ਸਮੇਤ 25 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਅਸ਼ੀਸ਼ ਕੁਮਾਰ ਸ਼ੁਕਲਾ ਵਾਸੀ ਮਾਨ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਡਾਕਟਰ ਪ੍ਰਦੀਪ ਕੁਮਾਰ ਉਰਫ ਨਰੇਸ਼ ਕੁਮਾਰ, ਹਰੀਸ਼ ਕੁਮਾਰ ਉਰਫ ਗੋਨਾ, ਵਿਸ਼ਾਲ ਰਾਣਾ ਪੁੱਤਰ ਫੱਗੂ ਰਾਣਾ ਵਾਸੀ ਜੈਨ ਕਾਲੋਨੀ, ਸਾਹਿਲ ਉਰਫ ਬਾਉਂਸਰ ਵਾਸੀ ਮੋਤੀ ਨਗਰ, ਕੌਂਸਲ ਵਾਸੀ ਜੈਨ ਕਲੋਨੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਅਨੁਜ ਨਾਲ ਡਾਕਟਰ ਪ੍ਰਦੀਪ ਕੁਮਾਰ ਤੋਂ ਪੱਟੀ ਕਰਵਾਉਣ ਲਈ ਗਿਆ ਸੀ ਜਿੱਥੇ ਕਿ ਉਕਤ ਕਥਿਤ ਦੋਸ਼ੀ ਨੇ ਆਪਣੇ ਕੁਝ ਸਾਥੀ ਬੁਲਾ ਲਏ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਉਸ ਦੱਸਿਆ ਕਿ ਉਸ ਦੇ ਦੋਸਤ ਕਿ੍ਸ਼ਨ ਥਾਪਾ ਦਾ ਕਤਲ ਕਥਿਤ ਤੌਰ 'ਤੇ ਵਿਸ਼ਾਲ ਰਾਣਾ ਦੇ ਭਰਾ ਰਾਜੂ ਰਾਣਾ ਅਤੇ ਉਸ ਦੇ ਸਾਥੀਆਂ ਨੇ ਕੀਤਾ ਸੀ | ਉਸ ਦੱਸਿਆ ਕਿ ਉਹ ਇਸ ਕੇਸ ਦੀ ਪੈਰਵੀ ਕਰ ਰਿਹਾ ਸੀ | ਉਕਤ ਦੋਸ਼ੀ ਲਗਾਤਾਰ ਉਸ ਨੂੰ ਪੈਰਵੀ ਨਾ ਕਰਨ ਲਈ ਦਬਾਅ ਪਾ ਰਹੇ ਸਨ | ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਪੁਲਿਸ ਵਲੋਂ ਇਸ ਮਾਮਲੇ ਵਿਚ ਹਾਲ ਦੀ ਘੜੀ ਕੋਈ ਵੀ ਗਿ੍ਫਤਾਰੀ ਨਹੀਂ ਕੀਤੀ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |