ਚੰਡੀਗੜ੍ਹ, 15 ਜੂਨ (ਸੰਦੀਪ ਕੁਮਾਰ ਮਾਹਨਾ)ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਭਾਰੀ ਵਿਜੇ ਰੁਪਾਨੀ ਦੇ ਅਚਾਨਕ ਦਿਹਾਂਤ 'ਤੇ ਚੰਡੀਗੜ੍ਹ ਭਾਜਪਾ ਵਲੋਂ ਪਾਰਟੀ ਦਫ਼ਤਰ ਵਿਖੇ ਇਕ ਸ਼ੋਕ ਸਭਾ ਦੌਰਾਨ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਸਤਿਆ ਪਾਲ ਜੈਨ, ਸਾਬਕਾ ਪ੍ਰਧਾਨ ਸੰਜੇ ਟੰਡਨ, ਸਾਬਕਾ ਪ੍ਰਧਾਨ ਅਰੁਣ ਸੂਦ, ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਭਾਜਪਾ ਚੰਡੀਗੜ੍ਹ ਦੇ ਮੌਜੂਦਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਮੀਤ ਪ੍ਰਧਾਨ ਦਵਿੰਦਰ ਬਬਲਾ ਅਤੇ ਹੋਰ ਸੀਨੀਅਰ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ | ਇਸ ਦੌਰਾਨ ਸਾਰਿਆਂ ਨੇ ਭਾਜਪਾ ਦੇ ਸੀਨੀਅਰ ਨੇਤਾ ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਧਾਰਨ ਕੀਤਾ | ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ਨੂੰ ਰਾਸ਼ਟਰ ਸੇਵਾ, ਪਾਰਟੀ ਦੇ ਨਿਰਮਾਣ ਅਤੇ ਜਨ ਕਲਿਆਣ ਲਈ ਸਮਰਪਿਤ ਦੱਸਿਆ | ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਨੇ ਇਕ ਸੱਚਾ, ਸਾਦਗੀ ਪਸੰਦ ਤੇ ਕਰਮਠ ਆਗੂ ਗੁਆ ਦਿੱਤਾ ਹੈ | ਇਸ ਦੇ ਨਾਲ ਹੀ ਇਸ ਦੁਖਦਾਇਕ ਹਾਦਸੇ 'ਚ ਜਿਨ੍ਹਾਂ ਮੁਸਾਫ਼ਰਾਂ ਨੇ ਆਪਣੀ ਜਾਨ ਗੁਆਈ ਉਨ੍ਹਾਂ ਸਾਰਿਆਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ |