ਚੰਡੀਗੜ੍ਹ, 15 ਜੂਨ (ਮਾਰਕੰਡਾ)-ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਕਾਰਜਕਾਰੀ ਚੇਅਰਮੈਨ ਦੀ ਯੋਗ ਅਗਵਾਈ ਹੇਠ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਓਲਡ ਏਜ਼ ਹੋਮ ਸੈਕਟਰ-15 ਚੰਡੀਗੜ੍ਹ ਵਿਖੇ ਮਨਾਇਆ | ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਵਿਸ਼ਵ ਪੱਧਰ 'ਤੇ ਬਜ਼ੁਰਗਾਂ ਨਾਲ ਹੋਣ ਵਾਲੇ ਦੁਰਵਿਵਹਾਰ, ਅਣਦੇਖੀ ਤੇ ਦੁਰਵਿਵਹਾਰ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਮਨਾਇਆ ਜਾਂਦਾ ਹੈ | ਬਜ਼ੁਰਗ ਨਾਗਰਿਕਾਂ ਦੀ ਇੱਜ਼ਤ, ਸੁਰੱਖਿਆ ਤੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਦੀ ਇਕ ਮਹੱਤਵਪੂਰਨ ਯਾਦ ਦਿਵਾਉਂਦਾ ਹੈ | ਬਜ਼ੁਰਗ ਸਾਡੇ ਸਮਾਜ ਦੇ ਥੰਮ੍ਹ ਹਨ, ਜਿਨ੍ਹਾਂ ਦੇ ਪਾਸ ਅਨੁਭਵ, ਗਿਆਨ ਤੇ ਪ੍ਰੇਮ ਦਾ ਖ਼ਜ਼ਾਨਾ ਹੈ | ਬਦਕਿਸਮਤੀ ਨਾਲ ਉਨ੍ਹਾਂ 'ਚੋਂ ਬਹੁਤ ਸਾਰੇ ਵਿਭਿੰਨ ਰੂਪਾਂ 'ਚ ਦੁਰਵਿਵਹਾਰ ਦਾ ਸਾਹਮਣਾ ਕਰਦੇ ਹਨ | ਇਸ ਮੌਕੇ ਸੰਪ੍ਰੀਤ ਕੌਰ ਮੈਂਬਰ ਸਕੱਤਰ ਐੱਸ. ਐੱਲ. ਐੱਸ. ਏ. ਚੰਡੀਗੜ੍ਹ ਨੇ ਇਕੱਠ ਨੂੰ ਨਾਲਸਾ (ਸੀਨੀਅਰ ਸਿਟੀਜ਼ਨ) ਸਕੀਮ 2016 ਦੇ ਨਾਲ-ਨਾਲ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹ ਦੀਆਂ ਸੇਵਾਵਾਂ, ਕਾਰਜਪ੍ਰਣਾਲੀ ਬਾਰੇ ਦੱਸਿਆ | ਇਸ ਅਥਾਰਿਟੀ ਦੇ ਪੈਨਲ ਐਡਵੋਕੇਟ ਈਸ਼ਾਨ ਡੋਗਰਾ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨਸ ਦੀ ਦੇਖਭਾਲ ਤੇ ਭਲਾਈ ਐਕਟ 2007 ਬਾਰੇ ਜਾਗਰੂਕ ਕੀਤਾ |