ਚੰਡੀਗੜ੍ਹ, 15 ਜੂਨ (ਅਜੀਤ ਬਿਊਰੋਂ)-ਸੂਬੇ 'ਚ ਤਕਨੀਕੀ ਸਿੱਖਿਆ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ. ਆਰ. ਐਸ. ਪੀ. ਟੀ. ਯੂ.) ਬਠਿੰਡਾ ਵਿਖੇ ਸ਼ੁਰੂ ਕੀਤੇ ਗਏ, ਜਿਸ 'ਚ ਦੇਸ਼ ਦੇ ਪਹਿਲੇ ਬੀ. ਟੈਕ ਇਨ ਮਕੈਨੀਕਲ ਇੰਜੀਨੀਅਰਿੰਗ (ਇੰਡਸਟਰੀ ਇੰਟੀਗ੍ਰੇਟਿਡ) ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮਈ 'ਚ ਸ਼ੁਰੂ ਕੀਤਾ ਗਿਆ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਇੰਡਸਟਰੀ ਇੰਟੀਗ੍ਰੇਟਿਡ ਇਹ ਪ੍ਰੋਗਰਾਮ ਅਕਾਦਮਿਕ ਸਿੱਖਿਆ ਨੂੰ ਉਦਯੋਗਾਂ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਵਿਹਾਰਕ ਤਜ਼ਰਬੇ ਤੇ ਉਦਯੋਗਿਕ ਹੁਨਰਾਂ ਨਾਲ ਲੈਸ ਕਰਕੇ ਰੋਜ਼ਗਾਰ ਦੇ ਸਮਰੱਥ ਬਣਾਇਆ ਜਾ ਸਕੇ | ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਾਊਾਸਲਿੰਗ ਦੇ ਸ਼ੁਰੂਆਤੀ ਗੇੜ ਵਿਚ ਸੱਤ ਸੀਟਾਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ ਜਦ ਕਿ ਇਸ ਪ੍ਰੋਗਰਾਮ ਲਈ ਇਸ ਸਾਲ ਮਹਿਜ਼ 30 ਸੀਟਾਂ ਹਨ | ਪ੍ਰੋਗਰਾਮ ਦਾ ਦਾਖਲਾ 15 ਅਗਸਤ ਤੱਕ ਖੁੱਲ੍ਹਾ ਰਹੇਗਾ, ਜਿਸ ਨਾਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਦਾਖਲਾ ਲੈਣ ਦਾ ਮੌਕਾ ਹੈ | ਪ੍ਰੋਗਰਾਮ ਦੀ ਨਵੀਨਤਾਕਾਰੀ ਪਹੁੰਚ ਨੂੰ ਉਜਾਗਰ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਦਯੋਗਿਕ ਸਿਖਲਾਈ ਦੇ ਸਥਾਨ ਨੂੰ ਐਮ. ਆਰ. ਐਸ. ਪੀ. ਟੀ. ਯੂ. ਦੇ ਇਕ ਡੀਮਡ ਕੈਂਪਸ ਵਜੋਂ ਮਾਨਤਾ ਦਿੱਤੀ ਗਈ ਹੈ | ਸ. ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਇਕ ਮਜ਼ਬੂਤ ਵਿੱਤੀ ਸਹਾਇਤਾ ਪੈਕੇਜ ਵੀ ਪੇਸ਼ ਕਰਦਾ ਹੈ, ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਹੋਣਹਾਰ ਵਿਦਿਆਰਥੀਆਂ ਲਈ 50 ਫੀਸਦ ਤੱਕ ਟਿਊਸ਼ਨ 'ਚ ਸਹਾਇਤਾ ਪ੍ਰਦਾਨ ਕਰਦਾ ਹੈ | ਇਸ ਤੋਂ ਇਲਾਵਾ ਉਦਯੋਗਿਕ ਸਿਖਲਾਈ ਲੈ ਰਹੇ ਵਿਦਿਆਰਥੀਆਂ ਨੂੰ ਮੁਫਤ ਰਿਹਾਇਸ਼, ਆਵਾਜਾਈ ਤੇ ਮਹੀਨਾਵਾਰ ਵਜ਼ੀਫ਼ਾ ਦੀ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਐਮ. ਆਰ. ਐਸ. ਪੀ. ਟੀ. ਯੂ. ਕੈਂਪਸ ਜਾ ਸਕਦੇ ਹਨ ਜਾਂ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |