ਖਰੜ, 16 ਜੂਨ (ਗੁਰਮੁੱਖ ਸਿੰਘ ਮਾਨ)-ਸੰਨੀ ਇਨਕਲੇਵ ਖਰੜ ਤਹਿਤ ਪੈਂਦੇ ਸੈਕਟਰ-123, 124 ਤੇ 125 ਦੀਆਂ ਰੈਜ਼ੀਡੈਂਟਸ ਅਤੇ ਮਾਰਕੀਟ ਐਸੋਸੀਏਸ਼ਨਾਂ ਵਲੋਂ ਮਾਸਟਰ ਪਲਾਨ 2010 ਅਨੁਸਾਰ ਪਾਸ ਕੀਤੀ ਖਰੜ ਦੀ ਮਹੱਤਵਪੂਰਨ ਰੋਡ ਦੇ ਨਿਰਮਾਣ ਦੇ ਮਾਮਲੇ 'ਚ ਵਰਤੀ ਜਾ ਰਹੀ ਢਿੱਲ ਤੇ ਲਾਪ੍ਰਵਾਹੀ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਗਮਾਡਾ ਵਲੋਂ ਇਕ ਨਵੇਂ ਪ੍ਰਾਜੈਕਟ ਲਈ 1800 ਏਕੜ ਦੀ ਜ਼ਮੀਨ ਐਕਵਾਇਰ ਕਰਨ ਵਾਸਤੇ ਉਨ੍ਹਾਂ ਦੇ ਸੈਕਟਰਾਂ ਨੂੰ 200 ਫੁੱਟੀ ਸੜਕ ਜਿਸ ਦੇ ਨਿਰਮਾਣ ਕਾਰਜ ਪਿਛਲੇ 15 ਸਾਲਾਂ ਤੋਂ ਲਟਕਦੇ ਆ ਰਹੇ ਹਨ, ਵੱਲ ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਇਹ ਰੋਡ ਖੇਤਰ ਦੇ ਵਸਨੀਕਾਂ ਲਈ ਐਮਰਜੈਂਸੀ ਸੇਵਾਵਾਂ, ਸਕੂਲ, ਹਸਪਤਾਲ ਤੇ ਮਾਰਕੀਟਾਂ ਤੱਕ ਪਹੁੰਚ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਨਾ ਹੋਣ ਕਾਰਨ ਉਕਤ ਸੈਕਟਰਾਂ 'ਚ ਰਹਿ ਰਹੇ ਵਸਨੀਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੁਲਾਰਿਆਂ ਨੇ ਕਿਹਾ ਕਿ ਇੰਨੀ ਵੱਡੀ ਯੋਜਨਾ ਦੀ ਪੂਰੀ ਤਿਆਰੀ ਹੋ ਚੁੱਕੀ ਸੀ, ਪਰ ਇਸ ਦੇ ਬਾਵਜੂਦ ਇਹ ਯੋਜਨਾ 2010 ਤੋਂ ਲੰਬਿਤ ਪਈ ਹੈ, ਜਿਸ ਕਾਰਨ ਖੇਤਰ ਦੇ ਵਸਨੀਕਾਂ ਨੂੰ ਮੀਂਹ ਦੇ ਦਿਨਾਂ 'ਚ ਪਾਣੀ ਖੜ੍ਹਾ ਹੋਣਾ, ਹਾਦਸਿਆਂ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਆਵਾਜਾਈ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਹਾਜ਼ਰ ਸਮੁੱਚੇ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਤੇ ਸੰਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਤੁਰੰਤ ਰੋਡ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਪ੍ਰਾਜੈਕਟ ਸੰਬੰਧੀ ਜਲਦ ਕਾਰਵਾਈ ਸ਼ੁਰੂ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਨਿੰਦਰ ਸਿੰਘ ਪ੍ਰਧਾਨ ਮਾਰਕੀਟ ਐਸੋਸੀਏਸ਼ਨ ਸੈਕਟਰ-124 ਤੇ ਸੈਕਟਰ-125, ਮਲਕੀਤ ਸਿੰਘ ਪ੍ਰਧਾਨ ਆਰ. ਡਬਲਿਊ. ਏ. ਸੈਕਟਰ-124, ਰਾਜੇਸ਼ ਕੁਮਾਰ ਪ੍ਰਧਾਨ ਗਲੋਬਲ ਸਿਟੀ, ਹਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਸਭਾ ਸੈਕਟਰ-123, ਰਾਕੇਸ਼ ਸਿਆਲ, ਪਵਨ ਕੁਮਾਰ, ਸਤਨਾਮ ਸਿੰਘ, ਪ੍ਰੀਤ ਸਿੰਘ, ਬਿਲਾਵਲ ਸਿੰਘ ਅਤੇ ਅਠੌਰ ਸਿੰਘ ਸਮੇਤ ਸੈਕਟਰ-123, 124 ਤੇ 125 ਦੇ ਵੱਡੀ ਗਿਣਤੀ ਵਿਚ ਵਸਨੀਕ ਹਾਜ਼ਰ ਸਨ |