ਪੰਚਕੂਲਾ, 16 ਜੂਨ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਦੇ ਅਮਰਾਵਤੀ ਵਿਖੇ ਕਰਵਾਈ ਗਈ ਦੋ ਰੋਜ਼ਾ ਆਲ ਇੰਡੀਆ ਮੇਅਰ ਕਾਨਫ਼ਰੰਸ 'ਚ ਸ਼ਿਰਕਤ ਕੀਤੀ | ਇਸ ਮੌਕੇ ਰਾਜ ਸਭਾ ਸਾਂਸਦ ਕਾਰਤੀਕੇ ਸ਼ਰਮਾ, ਕਾਲਕਾ ਵਿਧਾਨ ਸਭਾ ਤੋਂ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਤੇ ਮੇਅਰ ਕੁੱਲ ਭੂਸ਼ਣ ਗੋਇਲ ਵਲੋਂ ਵੀ ਹਾਜ਼ਰੀ ਲੁਆਈ ਗਈ | ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੇ ਸੂਬਿਆਂ ਤੋਂ ਪਹੁੰਚੇ ਮੇਅਰਾਂ ਨਾਲ ਵਿਚਾਰ ਸਾਂਝੇ ਕੀਤੇ | ਇਸ ਮੌਕੇ ਰਾਜ ਸਭਾ ਮੈਂਬਰ ਕਾਰਤੀਏ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਚੰਗਾ ਉਪਰਾਲਾ ਸੀ ਕਿਉਂਕਿ ਇਸ ਦੌਰਾਨ ਮੇਅਰਾਂ ਨੂੰ ਸ਼ਹਿਰ ਦੇ ਵਿਕਾਸ ਸੰਬੰਧੀ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਵਿਚਾਰ-ਚਰਚ ਕੀਤੀ ਸੀ | ਉਨ੍ਹਾਂ ਦੱਸਿਆ ਕਿ ਇੰਦੌਰ ਦੇ ਮੇਅਰ ਨੇ ਆਪਣੇ ਸਫ਼ਾਈ ਵਿਵਸਥਾ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਤੋਂ ਸਿੱਖ ਕੇ ਨਗਰ ਨਿਗਮ ਵਲੋਂ ਸਫ਼ਾਈ ਦੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ | ਇਸੇ ਦੌਰਾਨ ਪੰਚਕੂਲਾ ਨਗਰ ਨਿਗਮ ਦੇ ਮੇਅਰ ਕੁਲਭੂਸ਼ਣ ਗੋਇਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਹਰਿਆਣਾ ਦਾ ਧੰਨਵਾਦ ਕਰਦੇ ਹਨ ਕਿ ਉਹ ਕੀਮਤੀ ਸਮਾਂ ਕੱਢ ਕੇ ਦੇਸ਼ ਭਰ ਤੋਂ ਆਏ 35 ਮੇਅਰਾਂ ਦੀ ਕਾਨਫ਼ਰੰਸ 'ਚ ਸ਼ਾਮਿਲ ਹੋਏ ਤੇ ਸਾਰਿਆਂ ਨਾਲ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਜਪਾ ਸਰਕਾਰ ਵਲੋਂ 11 ਸਾਲਾਂ 'ਚ ਕਰਵਾਏ ਗਏ ਕਾਰਜਾਂ ਅਤੇ ਅੱਗੇ ਕੀ ਕੀਤਾ ਜਾ ਸਕਦਾ ਹੈ, ਬਾਰੇ ਵੀ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਕਿਸੇ ਵੀ ਨਗਰ ਨਿਗਮ ਕੋਲ ਪੈਸਿਆਂ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਸਾਰੇ ਮੇਅਰਾਂ ਨੂੰ 10 ਕਰੋੜ ਰੁ. ਤੱਕ ਦੀ ਪਾਵਰ ਦਿੱਤੀ ਹੋਈ ਹੈ, ਜਿਸ ਨਾਲ ਉਹ ਕੋਈ ਵੀ ਕੰਮ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸਭ ਤੋਂ ਸਵੱਛ ਸ਼ਹਿਰ ਇੰਦੌਰ ਦੇ ਮੇਅਰ ਦੇ ਨਾਲ ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਦੋਂ ਤੱਕ ਹਰ ਵਿਅਕਤੀ ਆਪਣੀ ਜਿੰਮੇਵਾਰੀ ਨਹੀਂ ਸਮਝਦਾ, ਉਦੋਂ ਤੱਕ ਸ਼ਹਿਰ ਨੂੰ ਸਾਫ਼-ਸੁਥਰਾ ਨਹੀਂ ਬਣਾਇਆ ਜਾ ਸਕਦਾ |