ਮਾਜਰੀ, 16 ਜੂਨ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ, ਅਭੀਪੁਰ ਤੇ ਮੀਆਂਪੁਰ ਚੰਗਰ ਆਦਿ ਵਿਖੇ ਨਾਜਾਇਜ਼ ਮਾਈਨਿੰਗ ਦਾ ਸਿਲਸਿਲਾ ਦਿਨ-ਰਾਤ ਜਾਰੀ ਹੈ | ਇਥੇ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਗਰੈਵਲ ਤੇ ਮਿੱਟੀ ਦੀ ਢੋਆ-ਢੁਆਈ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਿਨ ਸਮੇਂ ਚੱਲਣ ਵਾਲੇ ਓਵਰਲੋਡ ਟਿੱਪਰਾਂ ਕਾਰਨ ਪਿੰਡ ਖਿਜ਼ਰਾਬਾਦ ਦੇ ਵਸਨੀਕਾਂ ਤੋਂ ਇਲਾਵਾ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ | ਇਸ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਵਲੋਂ ਦਿਨ ਸਮੇਂ ਚੱਲਣ ਵਾਲੇ ਓਵਰਲੋਡ ਟਿੱਪਰਾਂ ਨੂੰ ਰੋਕ ਦਿੱਤਾ ਗਿਆ | ਇਸ ਮੌਕੇ ਪਿੰਡ ਖਿਜ਼ਰਾਬਾਦ ਦੇ ਸਾਬਕਾ ਸਰਪੰਚ ਕਿ੍ਪਾਲ ਸਿੰਘ, ਸਾਬਕਾ ਪੰਚ ਜਗਮੋਹਨ ਸਿੰਘ, ਰਣਜੀਤ ਸਿੰਘ, ਹਰਮਨਜੀਤ ਸਿੰਘ, ਮਾਸਟਰ ਪਰਮਜੀਤ ਸਿੰਘ, ਮੋਹਣ ਲਾਲ ਤੇ ਲੱਕੀ ਆਦਿ ਨੇ ਕਿਹਾ ਕਿ ਦਿਨ ਸਮੇਂ ਟਿੱਪਰ ਚੱਲਣ ਕਾਰਨ ਉੱਡਣ ਵਾਲੀ ਧੂੜ-ਮਿੱਟੀ ਕਾਰਨ ਪਿੰਡ ਵਾਸੀਆਂ, ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕਰੈਸ਼ਰ ਮਾਲਕਾਂ ਤੇ ਟਿੱਪਰ ਮਾਲਕਾਂ ਨੂੰ ਦਿਨ ਸਮੇਂ ਟਿੱਪਰ ਨਾ ਚਲਾਉਣ ਲਈ ਆਖਿਆ ਗਿਆ ਤਾਂ ਉਨ੍ਹਾਂ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਵਿਰੋਧ ਵਜੋਂ ਅਸੀਂ ਟਿੱਪਰ ਰੋਕ ਕੇ ਕਰੈਸ਼ਰ ਮਾਲਕਾਂ ਤੇ ਟਿੱਪਰ ਮਾਲਕਾਂ ਸਮੇਤ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਮਾਈਨਿੰਗ ਦੇ ਕੰਮ 'ਚ ਲੱਗੇ ਟਿੱਪਰ ਨਾ ਚੱਲਣ ਦਿੱਤੇ ਜਾਣ | ਓਧਰ ਦੂਜੇ ਪਾਸੇ ਜਦੋਂ ਇਸ ਸੰਬੰਧ 'ਚ ਐਸ. ਐਚ. ਓ. ਬਲਾਕ ਮਾਜਰੀ ਯੋਗੇਸ਼ ਕੁਮਾਰ ਨੇ ਕਿਹਾ ਕਿ ਬੀਤੇ ਕੱਲ੍ਹ ਲੋਕਾਂ ਵਲੋਂ ਜਿਹੜੇ ਟਿੱਪਰ ਰੋਕੇ ਗਏ ਸਨ, ਉਹ ਭੇਜੇ ਜਾ ਚੁੱਕੇ ਹਨ ਅਤੇ ਆਵਾਜਾਈ ਚੱਲ ਰਹੀ ਹੈ, ਪਰ ਜੇਕਰ ਅੱਜ ਦੁਬਾਰਾ ਟਿੱਪਰ ਰੋਕੇ ਗਏ ਹਨ ਤਾਂ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਫਿਰ ਵੀ ਉਹ ਮੁਲਾਜ਼ਮ ਭੇਜ ਕੇ ਇਸ ਬਾਰੇ ਪਤਾ ਲਗਾ ਰਹੇ ਹਨ |