17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਸਮਗੌਲੀ ਵਿਖੇ ਕੋਲਡ ਡਰਿੰਕ ਖ਼ਰੀਦਣ ਵੇਲੇ ਦੁਕਾਨਦਾਰ ਨਾਲ ਹੋਈ ਤਕਰਾਰ ਲੜਾਈ 'ਚ ਬਦਲੀ <br/>

ਅਜੀਤ ਡੈਸਕ 18-06-2025
ਡੇਰਾਬੱਸੀ, 17 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਸਮਗੌਲੀ ਦੇ ਵਾਲਮੀਕਿ ਮੁਹੱਲੇ 'ਚ ਇਕ ਕਰਿਆਨੇ ਦੀ ਦੁਕਾਨ 'ਤੇ ਪੈਸਿਆਂ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਰਾਤ ਦੇ ਸਮੇਂ ਭਿਆਨਕ ਲੜਾਈ ਦਾ ਰੂਪ ਧਾਰ ਲਿਆ | ਇਸ ਝਗੜੇ ਦੌਰਾਨ ਪਿੰਡ ਦੇ ਬਲਕਾਰ ਸਿੰਘ ਅਤੇ ਉਸ ਦਾ ਭਤੀਜਾ ਪ੍ਰਦੀਪ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਹਾਸਲ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਨਾਲ ਹੀ ਸਥਿਤ ਸੰਜੀਵ ਦੀ ਦੁਕਾਨ ਤੋਂ ਕੋਲਡ ਡਰਿੰਕ ਲੈਣ ਗਿਆ ਸੀ, ਜਿਥੇ ਕਿ ਉਸ ਦੀ ਪਤਨੀ ਦੁਕਾਨ 'ਤੇ ਬੈਠਦੀ ਹੈ | ਇਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ਬਾਅਦ 'ਚ ਝਗੜੇ 'ਚ ਤਬਦੀਲ ਹੋ ਗਈ | ਸੋਮਵਾਰ ਰਾਤ ਕਰੀਬ 9 ਵਜੇ ਹੋਈ ਲੜਾਈ ਦੌਰਾਨ ਸੰਜੀਵ ਅਤੇ ਉਸ ਦੀ ਪਤਨੀ ਨੇ ਆਸ-ਪਾਸ ਦੇ ਪਿੰਡਾਂ ਤੋਂ ਕਰੀਬ 10-12 ਨੌਜਵਾਨਾਂ ਨੂੰ ਸੱਦ ਲਿਆ, ਜਿਨ੍ਹਾਂ ਨੇ ਪਿੰਡ 'ਚ ਆ ਕੇ ਹੰਗਾਮਾ ਕੀਤਾ ਅਤੇ ਪਥਰਾਅ ਵੀ ਕੀਤਾ | ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠ ਹੋ ਕੇ ਸੰਜੀਵ ਦੇ ਘਰ ਨੂੰ ਘੇਰਾ ਪਾ ਲਿਆ, ਜਿਸ ਤੋਂ ਬਾਅਦ ਕੁਝ ਨੌਜਵਾਨ ਮੌਕੇ ਤੋਂ ਭੱਜ ਗਏ, ਪਰ 3-4 ਨੌਜਵਾਨ ਸੰਜੀਵ ਦੇ ਘਰ ਅੰਦਰ ਵੜ੍ਹ ਗਏ | ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਫੁਰਤੀ ਵਿਖਾਉਂਦੇ ਹੋਏ ਉਨ੍ਹਾਂ ਨੂੰ ਘਰ 'ਚ ਹੀ ਡੱਕ ਲਿਆ ਅਤੇ ਸਵੇਰੇ ਪੰਚਾਇਤ ਦੇ ਮੈਂਬਰਾਂ ਅਤੇ ਸਰਪੰਚ ਦੀ ਹਾਜ਼ਰੀ 'ਚ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕੀਤਾ | ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੰਜੀਵ ਦੇ ਪਰਿਵਾਰ ਨਾਲ ਕੋਈ ਵੈਰ-ਵਿਰੋਧ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਉੱਤੇ ਬਾਹਰੋਂ ਨੌਜਵਾਨ ਸੱਦ ਕੇ ਹਮਲਾ ਕਰਵਾਇਆ ਗਿਆ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਦੇ ਮਾਹੌਲ ਨੂੰ ਖ਼ਰਾਬ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ | ਉਧਰ ਡੇਰਾਬੱਸੀ ਪੁਲਿਸ ਵਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪਿੰਡ 'ਚ ਵਾਪਰੇ ਇਸ ਘਟਨਾਕ੍ਰਮ ਮਗਰੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ |
ਪੁਲਿਸ ਦੇ ਸਾਹਮਣੇ ਹੀ ਪਿੰਡ ਦੀਆਂ ਔਰਤਾਂ ਨੇ ਵੀ ਨੌਜਵਾਨਾਂ ਦੀ ਸੰਵਾਰੀ ਭੁਗਤ : ਪਿੰਡ ਸਮਗੌਲੀ 'ਚ ਹੜਦੁੰਗ ਮਚਾਉਣ ਵਾਲੇ ਕਾਬੂ ਕੀਤੇ ਨੌਜਵਾਨਾਂ ਦੇ ਖ਼ਿਲਾਫ਼ ਪਿੰਡ ਵਾਸੀਆਂ 'ਚ ਕਾਫੀ ਗੁੱਸਾ ਸੀ ਅਤੇ ਜਦੋਂ ਉਨ੍ਹਾਂ ਨੂੰ ਪੁਲਿਸ ਸੰਜੀਵ ਦੇ ਘਰ ਤੋਂ ਕੱਢ ਕੇ ਥਾਣੇ ਲੈ ਕੇ ਜਾ ਰਹੀ ਸੀ ਤਾਂ ਪਿੰਡ ਦੀਆਂ ਔਰਤਾਂ ਦਾ ਗੁੱਸਾ ਫੁੱਟ ਗਿਆ ਅਤੇ ਉਨ੍ਹਾਂ ਵਲੋਂ ਕੁਝ ਨੌਜਵਾਨਾਂ ਦੀ ਚੰਗੀ ਤਰ੍ਹਾਂ ਭੁਗਤ ਸੰਵਾਰੀ ਗਈ | ਇਸ ਦੌਰਾਨ ਮਾਹੌਲ ਖ਼ਰਾਬ ਨਾ ਹੋਵੇ, ਇਸ ਲਈ ਪੁਲਿਸ ਨੂੰ ਮਜ਼ਬੂਰਨ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ |

ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਦੀ ਟੀਮ 'ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਹਸਪਤਾਲ 'ਚੋਂ ਡਿਸਚਾਰਜ <br/> ਅਗਲੀ ਖ਼ਬਰ ਆਦਰਸ਼ ਕਾਲੋਨੀ ਨਿਵਾਸੀਆਂ ਨੂੰ ਪ੍ਰਸ਼ਾਸਕ ਕੋਲ ਜਾਣ ਤੋਂ ਰੋਕਿਆ-ਗੱੁਸੇ ਹੋਏ ਨਿਵਾਸੀਆਂ ਨੇ ਕੀਤਾ ਰੋਸ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।